ਸੂਰਜ ਦੀ ਅੱਖ
12 ਮਾਰਚ ਨੂੰ “ਸੂਰਜ ਦੀ ਅੱਖ” ਕਿਤਾਬ ਦੀ ਦੀ ਦੂਜੀ ਤੇ ਆਖਰੀ ਮੀਟਿੰਗ ਕੀਤੀ ਗਈ। ਗੱਲਬਾਤ ਦੌਰਾਨ ਰਣਜੀਤ ਸਿੰਘ ਦੇ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਤੇ ਚਰਚਾ ਦੇ ਨਾਲ-ਨਾਲ ਬਲਦੇਵ ਸਿੰਘ ਦੀ ਰਚਨਾ ਵਿਧੀ ਅਤੇ ਖੋਜ ਬਾਰੇ ਵੀ ਬਹੁਤ ਗੱਲਾਂ ਹੋਈਆਂ।
➡️ ਅਜਿਹਾ ਮਹਿਸੂਸ ਹੁੰਦਾ ਹੈ ਕਿ ਬਲਦੇਵ ਸਿੰਘ ਦੇ ਇਹ ਕਿਤਾਬ ਲਿਖਣ ਪਿੱਛੇ ਰਣਜੀਤ ਸਿੰਘ ਬਾਰੇ ਇੱਕ ਨਿਵੇਕਲੇ ਵਿਚਾਰ ਨੂੰ ਉਸਾਰਣ ਦੀ ਇੱਛਾ ਕਾਰਜਸ਼ੀਲ ਹੈ।
➡️ ਸੜਕਨਾਮਾ ਰਣਜੀਤ ਸਿੰਘ ਦੀ ਬਹਾਦਰੀ ਤੇ ਦੂਰ ਅੰਦੇਸ਼ੀ ਸੋਚ ਦਾ ਕਾਇਲ ਤਾਂ ਹੈ ਪਰ ਉਸਦੀ ਜ਼ਿੰਦਗੀ ਦੇ ਕੁਝ ਵਿਵਾਦਤ ਹਿੱਸਿਆਂ ਦਾ ਨਿੰਦਕ ਵੀ ਹੈ। ਉਹ ਕਈ ਥਾਵਾਂ ਤੇ ਰਣਜੀਤ ਸਿੰਘ ਬਾਰੇ ਲਿਖੇ ਆਪਣੇ ਹੀ ਵਿਚਾਰਾਂ ਤੋਂ ਥਿਰਕਦਾ ਪੑਤੀਤ ਹੁੰਦਾ ਹੈ।
➡️ਪ੍ਰੋਫ਼ੈਸਰ ਕੌਤਕੀ ਦੀ ਵਰਤੋਂ ਵਧੇਰੇ ਵਿਵਾਦਤ ਘਟਨਾਵਾਂ ਦਰਸਾਉਣ ਲਈ ਕੀਤੀ ਗਈ ਹੈ ਜਾਂ ਉਹ ਕਿੱਸੇ ਜਿਨ੍ਹਾਂ ਨੂੰ ਪੂਰੀ ਤਰਾਂ ਸਿੱਧ ਕਰਨਾ ਮੁਸ਼ਕਿਲ ਹੈ। ਇਹ ਬਲਦੇਵ ਸਿੰਘ ਨੇ ਆਪਣੀ ਲਿਖਤ ਦੇ ਕੁਝ ਹਿੱਸਿਆਂ ਤੋਂ ਲੋੜ ਪੈਣ ਤੇ ਮੁਨਕਰ ਹੋ ਜਾਣ ਦਾ ਇੱਕ ਜ਼ਰੀਆ ਰੱਖਿਆ ਜਾਪਦਾ ਹੈ।
➡️ ਇਤਿਹਾਸ ਪੜ੍ਹਦਿਆਂ ਦੋ-ਪਾਸੜ੍ਹ ਤੇ ਸ਼ੱਕੀ ਰਹਿਣਾ ਚਾਹੀਦਾ ਹੈ। ਕਿਸੇ ਰਚਨਾ ਵਿੱਚ ਇਤਿਹਾਸਕ ਗਲਪ ਦੇ ਦੋਹਾਂ ਪਹਿਲੂਆਂ ਵਿੱਚੋਂ ਕਿਹੜਾ ਵੱਧ ਸਿਰ ਕੱਢਵਾਂ ਹੈ, ਇਸ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ।
➡️ ਪੰਜਾਬੀ ਸਾਹਿਤਕਾਰਾਂ ਵੱਲੋਂ ਇਤਿਹਾਸਕ ਵੇਰਵਿਆਂ ਨੂੰ ਵਰਤਣ ਦੇ ਤਰੀਕਿਆਂ ਵਿੱਚ ਕਾਫੀ ਊਣਤਾਈਆਂ ਹਨ।
➡️ ਪੰਜਾਬੀ ਭਾਈਚਾਰੇ ਵਿੱਚ ਜਦ ਕਿਸੇ ਨੂੰ “ਮਹਾਨ” ਦਾ ਤਗਮਾ ਦੇ ਦਿੱਤਾ ਜਾਂਦਾ ਹੈ ਤਾਂ ਉਸ ਦੀ ਸ਼ਖਸੀਅਤ ਦੀਆਂ ਕਮੀਆਂ ਬਾਰੇ ਕੀਤੀ ਜਾਣ ਵਾਲੀ ਗੱਲਬਾਤ ਵੱਲੋਂ ਅਸਹਿਣਸ਼ੀਲਤਾ ਬਹੁਤ ਵਧ ਜਾਂਦੀ ਹੈ।
➡️ ਬਲਦੇਵ ਸਿੰਘ ਦੀ ਰਚਨਾ ਲਗਨ ਤੇ ਡੂੰਘੀ ਖੋਜ ਤੋਂ ਉੱਭਰਦੀ ਹੈ, ਪਰ ਇਸ ਵਿੱਚ ਵਿਆਕਰਨ ਦੀਆਂ ਬਹੁਤ ਗਲਤੀਆਂ ਮਿਲਦੀਆਂ ਹਨ। ਵਿਆਕਰਨ ਤੇ ਕੁਝ ਕੁ ਪੱਖਾਂ ਤੋਂ ਰਿਸਰਚ ਦੀ ਕਮੀਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਰਚਨਾ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਸੀ।
ਮੀਟਿੰਗ ਵਿੱਚ ਹੋਈਆਂ ਇਹ ਕੁਝ ਗੱਲਾਂ ਸਾਨੂੰ ਜ਼ਿਕਰਯੋਗ ਲੱਗੀਆਂ। ਬਾਕੀ ਮੀਟਿੰਗ ਵਿੱਚ ਹੁੰਦੀ ਗੱਲਬਾਤ ਬਾਰੇ ਜਾਂ ਕਿਤਾਬਾਂ ਦੀ ਚੋਣ ਬਾਰੇ ਕੋਈ ਉਸਾਰੂ ਟਿੱਪਣੀ\ ਸੁਝਾਅ ਹੋਵੇ ਤਾਂ ਬੇਝਿਜਕ ਸਾਂਝਾ ਕਰ ਸਕਦੇ ਹੋ।
Writer - Jashanpreet Kaur
She can be reached at Jashanp151@gmail.com
Instagram: Jashn151