ਮੀਟਿੰਗ ਲੜੀ ਅੰਕ : 20
“ ਕੋਠੇ ਖੜਕ ਸਿੰਘ” ( ਰਾਮ ਸਰੂਪ ਅਣਖੀ)
ਰਾਮ ਸਰੂਪ ਅਣਖੀ ਦੀ ਕਿਤਾਬ “ਕੋਠੇ ਖੜਕ ਸਿੰਘ” ਦੀ ਮੀਟਿੰਗ ਵਿਚ ਸ਼ਾਮਲ ਹੋਏ ਮੈਂਬਰਾਂ ਵੱਲੋਂ ਕੀਤੇ ਕਿਤਾਬ ਦੇ ਨਿਰੀਖਣ ਦਾ ਸਾਰ-ਅੰਸ਼ ਪੇਸ਼ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਮੀਟਿੰਗ ਦੀ ਸ਼ੁਰੂਆਤ ਅਸੀੰ ਲੇਖਕ ਦੇ ਪਿਛੋਕੜ ਅਤੇ ਸਾਹਿਤਕ ਰੁਚੀਆਂ ਬਾਰੇ ਸੰਵਾਦ ਰਚਾ ਕੇ ਕੀਤੀ।
ਗੱਲ ਹੋਈ ਕਿ ਕਿਵੇਂ 1932 ਵਿੱਚ ਜਨਮੇ ਅਣਖੀ ਜੀ ਨੇ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਕਵਿਤਾਵਾਂ ਨਾਲ ਕੀਤੀ, ਫਿਰ ਕਹਾਣੀਆਂ ਲਿਖਣ ਤੇ ਆਏ ਆਖਿਰ ਵਿੱਚ ਨਾਵਲ ਲਿਖਣ ਲੱਗੇ। ਉਹ ਜਨਮ ਤੋਂ ਹਿੰਦੂ ਸੀ ਪਰ ਹਮੇਸ਼ਾਂ ਸਿੱਖ ਪਹਿਰਾਵੇ ਵਿੱਚ ਵਿਚਰਦੇ। ਕਹਾਣੀਕਾਰ ਵਜੋਂ ਉਹਨਾਂ ਦੀ ਵੱਡੀ ਦੇਣ ਇਹ ਕਹੀ ਜਾ ਸਕਦੀ ਹੈ ਕਿ ਉਹਨਾਂ ਨੇ ਮਾਲਵੇ ਦੀ ਪੇੰਡੂ ਬੋਲੀ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਸਾਹਿਤ ਵਿੱਚ ਆਪਣੀ ਇੱਕ ਵਿਲੱਖਣ ਥਾਂ ਹਾਸਲ ਕਰਵਾਈ। ਜੀਵਨ ਕਾਲ ਵਿੱਚ ਬੇਸ਼ੁਮਾਰ ਮਕਬੂਲੀਅਤ ਹਾਸਲ ਕਰਨ ਦੇ ਬਾਵਜੂਦ ਵੀ 2010 ਦੇ ਆਪਣੇ ਅੰਤਲੇ ਸਮੇਂ ਤੱਕ ਬਰਨਾਲੇ ਵਿੱਚ ਹੀ ਰਹੇ। ਉਹਨਾਂ ਨੇ ਜਿੰਨਾ ਲਿਖਿਆ ਆਪਣੇ ਇਲਾਕੇ, ਆਸ-ਪਾਸ ਦੇ ਲੋਕਾਂ ਅਤੇ ਮੁੱਦਿਆਂ ਬਾਰੇ ਹੀ ਲਿਖਿਆ। ਕੁੱਲ 5 ਕਾਵਿ ਸੰਗ੍ਰਿਹ, 250 ਦੇ ਆਸ-ਪਾਸ ਕਹਾਣੀਆਂ ਅਤੇ 16 ਨਾਵਲ ਸਾਹਿਤ ਦੀ ਝੋਲੀ ਪਾਏ। ਸਾਹਿਤ ਅਕਾਦਮੀ ਪੁਰਸਕਾਰ ਜੇਤੂ “ਕੋਠੇ ਖੜਕ ਸਿੰਘ” ਜਿਸਨੂੰ ਆਸਾਨੀ ਨਾਲ ਉਹਨਾਂ ਦਾ ਸ਼ਾਹਕਾਰ ਨਾਵਲ ਕਹਿ ਸਕਦੇ ਹਾਂ, ਤੋਂ ਇਲਾਵਾ ਅਣਖੀ ਜੀ ਨੇ “ਪਰਤਾਪੀ”, “ਜ਼ਮੀਨਾਂ ਵਾਲੇ”, “ਗੇਲੋ”, “ਕਣਕਾਂ ਦਾ ਕਤਲਿਆਮ”, ਅਤੇ “ਭੀਮਾ” ਵਰਗੀਆਂ ਕੁਝ ਅਦੁੱਤੀ ਰਚਨਾਵਾਂ ਪਾਠਕਾਂ ਦੀ ਝੋਲੀ ਪਾਈਆਂ। ਉਹਨਾਂ ਦੀ ਲਿਖਤ ਉੱਪਰ ਰੂਸੀ ਸਾਹਿਤ ਦਾ ਪ੍ਰਭਾਵ ਨਜ਼ਰ ਆਉਂਦਾ ਹੈ। “ਕੋਠੇ ਖੜਕ ਸਿੰਘ” ਦਾ ਢਾਂਚਾ ਵੀ ਜਿੰਨਾਂ ਨਾਵਲਾਂ ਤੋੰ ਪ੍ਰਭਾਵਿਤ ਹੋ ਕੇ ਘੜਿਆ ਗਿਆ, ਉਸ ਵਿੱਚ ਰੂਸੀ ਨਾਵਲ “ਬੁੱਧੂ” ਸ਼ਾਮਲ ਹੈ। ਉਹਨਾਂ ਦੇ ਨਾਵਲਾਂ ਦੇ ਵਿਸ਼ਾ ਵਸਤੂ ਜ਼ਿਆਦਾਤਰ ਪੂੰਜੀਵਾਦ ਸਮਾਜ ਵਿੱਚ ਕਿਸਾਨੀ ਦੀ ਤ੍ਰਾਸਦੀ, ਪੇਂਡੂੰ ਸਮਾਜਕ ਢਾਂਚੇ ਵਿੱਚ ਸਮੇਂ ਨਾਲ ਆਉਂਦੇ ਬਦਲਾਅ, ਨਸ਼ਿਆਂ ਦੀ ਸਮੱਸਿਆ, ਹਰੀ ਕ੍ਰਾਂਤੀ ਦਾ ਕਿਸਾਨੀ ਉੱਪਰ ਅਸਰ ਅਤੇ ਪਰਵਾਸ ਵਰਗੇ ਵਿਸ਼ਿਆਂ ਨਾਲ ਸੰਬੰਧਤ ਹੁੰਦੇ ਹਨ। ਅਣਖੀ ਜੀ ਨੇ ਤਿਮਾਹੀ ਰਸਾਲਾ “ਕਹਾਣੀ ਪੰਜਾਬ” ਵੀ ਸ਼ੁਰੂ ਕੀਤਾ ਜੋ ਅੱਜ ਤੱਕ ਵੀ ਉਹਨਾਂ ਦੇ ਪੁੱਤਰ ਡਾ. ਕ੍ਰਾਂਤੀਪਾਲ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ।
ਮੀਟਿੰਗ ਦਾ ਰੁਖ ਅਣਖੀ ਜੀ ਦੀ ਜੀਵਨੀ ਤੋਂ ਕਿਤਾਬ ਵੱਲ ਮੋੜਦਿਆਂ ਗੱਲ ਹੋਈ ਕਿ ਅਣਖੀ ਜੀ ਇਸ ਕਿਤਾਬ ਨੂੰ ਪਾਠਕਾਂ ਦੇ ਸਨਮੁੱਖ ਕਰਦੇ ਹੋਏ ਮੁੱਖਬੰਦ ਵਿੱਚ ਦੱਸਦੇ ਹਨ ਕਿ ਇਹ ਕਿਤਾਬ ਪਹਿਲਾਂ ਦੋ ਹਿੱਸਿਆਂ ਵਿੱਚ ਪ੍ਰਕਾਸ਼ਤ ਹੋਈ ਸੀ ਜਿੰਨਾਂ ਦਾ ਸਿਰਨਾਵਾਂ “ ਥੁੜੇ ਟੁੱਟੇ” ( 1984) ਅਤੇ “ ਹੱਕ ਸੱਚ” ( 1985) ਸੀ। ਫਿਰ 1985 ਵਿੱਚ ਹੀ ਕਿਤਾਬ ਪੂਰਨ ਰੂਪ ਵਿੱਚ ਵੀ ਪ੍ਰਕਾਸ਼ਤ ਕਰ ਦਿੱਤੀ ਗਈ।
ਇਹ ਦੋ ਸਿਰਨਾਵੇਂ ਦੇਣੇ ਨਾਵਲ ਨੂੰ ਵੰਡਣ ਦਾ ਸੁਚੱਜਾ ਤਰੀਕਾ ਸੀ ਕਿ ਕਿਉਂਕਿ ਜਿਸ ਤਰ੍ਹਾਂ ਇਸ ਕਹਾਣੀ ਦਾ ਬਿਰਤਾਂਤ ਸਿਰਜਿਆ ਗਿਆ ਹੈ, ਇਹ ਉਸ ਲਈ ਦਰੁਸਤ ਸਿਰਲੇਖ ਲੱਗਦੇ ਹਨ। ਪਹਿਲੇ ਹਿੱਸੇ ਦੇ ਤਕਰੀਬਨ ਸਾਰੇ ਕਿਰਦਾਰ “ਥੁੜ” ਨਾਲ ਜੂਝਦੇ ਵਿਖਾਏ ਗਏ ਹਨ ਜਿੰਨਾਂ ਵਿੱਚੋਂ ਜਿੰਨਾ ਕਿਸੇ ਕੋਲੋਂ ਹੋ ਸਕਦਾ ਹੈ, ਉਹ ਆਸ ਪਾਸ ਵਾਲਿਆਂ ਤੋਂ ਖੋਹ ਕੇ ਆਪਣੇ ਕੋਲ ਰੱਖਣਾ ਚਾਹੁੰਦੇ ਹਨ। ਮੱਲਣ, ਜੰਗੀਰੇ ਜਾਂ ਨਾਜਰ ਵਰਗੇ ਕਿਰਦਾਰ ਜਿੱਥੇ ਇਸ “ਥੁੜ” ਨਾਲ ਲੜਦੇ ਜਾਂ ਇਸਦੇ ਸਾਹਮਣੇ ਆਪਣੀ ਬੇਬਸੀ ਢੱਕਦੇ ਹੀ ਫੌਤ ਹੋਣ ਤੱਕ ਜਾਂਦੇ ਹਨ,ਉੱਥੇ ਝੰਡੇ ਵਰਗੇ ਕਿਰਦਾਰ ਵੀ ਹਨ ਜੋ ਹਰ ਘਟਨਾ ਦਾ ਸੰਘ ਮਰੋੜ ਕੇ ਉਹਨੂੰ ਆਪਣੀ ਬਿਹਤਰੀ ਲਈ ਵਰਤਣ ਦੀ ਚਲਾਕੀ ਰੱਖਦੇ ਹਨ। ਨਾਵਲ ਦੇ ਅਖੀਰਲੇ ਹਿੱਸੇ ਵਿੱਚ ਇਹਨਾਂ ਨੂੰ ਆਪਣੇ ਕਰਮ ਦੇ ਸੱਚ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤਕਰੀਬਨ ਹਰ ਕਿਸੇ ਨੂੰ ਇਸ ਹਿੱਸੇ ਦੇ ਸਿਰਲੇਖ ਵਾਲਾ ਬਣਦਾ “ਹੱਕ ਸੱਚ” ਮਿਲ ਜਾਂਦਾ ਹੈ। ਕਹਾਣੀ ਵਿੱਚ ਕਿਸੇ ਪਾਤਰ ਦੀ ਥਾਂ ਸਮਾਂ ਹੈ ਜੋ ਨਾਇਕ ਹੈ ਅਤੇ ਜਿਸ ਤੋਂ ਸਾਰੇ ਉਤਰਾਅ-ਚੜ੍ਹਾ ਉੱਠਦੇ ਹਨ।
ਇਹ ਨਾਵਲ ਤਾਰੀਖ ਵਾਰ ਤਾਂ ਚੱਲਦੀ ਹੈ ਪਰ ਇਸਦਾ ਵਿਸ਼ਾ-ਵਸਤੂ ਸਿੱਧ ਪੱਧਰਾ ਨਹੀਂ ਚੱਲਦਾ। ਇੱਕ ਵੱਡੇ ਕਿੱਸੇ ਨੂੰ ਛੋਟੀਆਂ ਕਹਾਣੀਆਂ ਦੇ ਸਮੂਹ ਵਜੋਂ ਲਿਖਿਆ ਗਿਆ ਹੈ। ਇਹਨਾਂ ਸਾਰੀਆਂ ਨਿੱਕੀਆਂ ਕਹਾਣੀਆਂ ਵਿੱਚ ਸਮੇਂ ਦੀ ਇੱਕਸਾਰਤਾ ਦਿਸਦੀ ਹੈ ਪਰ ਹਰ ਕਹਾਣੀ ਦੀ ਕਿਰਿਆ ਆਪਣੀ ਆਪਣੀ ਤੋਰ ਤੁਰਦੀ ਹੈ। ਮੀਟਿੰਗ ਵਿੱਚ ਮੈਂਬਰਾਂ ਨੇ ਚਰਚਾ ਕੀਤੀ ਕਿ ਇਸਦਾ ਨਤੀਜਾ ਹੀ ਹੈ ਕਿ ਨਾਵਲ ਵਿੱਚੋਂ ਕਈ ਨਿੱਕੀਆਂ-ਨਿੱਕੀਆਂ ਸੁਤੰਤਰ ਰੂਪ ਕਹਾਣੀਆਂ ਹਨ। ਸੋ ਕਿਤਾਬ ਦੇ ਅੰਤਲੇ ਪੰਨੇ ਤੇ ਪਹੁੰਚਣ ਤੋਂ ਪਹਿਲਾਂ ਹੀ ਪਾਠਕ ਕਈ ਵਾਰ ਸਿਖਰ ਤੇ ਸਮਾਪਤੀ ਦੇ ਸਨਮੁੱਖ ਹੁੰਦਾ ਹੈ। ਇਸਦਾ ਅਰਥ ਇਹ ਵੀ ਹੈ ਕਿ ਕਹਾਣੀ ਨੂੰ ਕਿਤੇ ਵੀ ਅੰਤ ਕੀਤਾ ਜਾ ਸਕਦਾ ਸੀ ਜਾਂ ਇਸ ਕਹਾਣੀ ਵਿੱਚੋਂ ਹੀ ਕਿੰਨੀਆਂ ਛੋਟੇ ਪੱਧਰ ਦੀਆਂ ਕਹਾਣੀਆਂ ਨੂੰ ਤਸੱਵਰ ਕੀਤਾ ਜਾ ਸਕਦਾ ਹੈ। ਏਥੇ ਮੀਟਿੰਗ ਦੇ ਪਾਠਕਾਂ ਨੂੰ ਇੱਕ ਗੱਲ ਦਾ ਰੋਸ ਵੀ ਸੀ ਕਿ ਏਨੀ ਕੱਸਵੀਂ ਅਤੇ ਦਿਲਚਸਪ ਨਾਵਲ ਲਿਖ ਕੇ ਅਣਖੀ ਜੀ ਨੇ ਬਿਲਕੁਲ ਆਖਰੀ ਪੰਨਿਆਂ ਤੇ ਇੱਕ ਨਵਾਂ ਕਿਰਦਾਰ ਪਰੀਚਿਤ ਕਰਕੇ ਇਸ ਕਹਾਣੀ ਦਾ ਸਾਧਾਰਨ ਜਿਹਾ ਅੰਤ ਘੜ੍ਹ ਦਿੱਤਾ। ਸ਼ਾਇਦ ਸਿਰਫ ਇਸ ਮਨੌਤ ਨੂੰ ਜਿਊਂਦਾ ਰੱਖਣ ਲਈ ਕਿ ਔਰਤ ਨੂੰ ਕਿਸੇ ਆਦਮੀ ਦਾ ਮਿਲ ਜਾਣਾ ਹੀ ਉਸਦੀ ਜ਼ਿੰਦਗੀ ਦਾ ਇੱਕੋ-ਇੱਕ ਸੰਤੋਖਜਨਕ ਸਾਰਾਂਸ਼ ਹੋ ਸਕਦਾ ਹੈ।
ਨਾਵਲ ਵਿੱਚ ਘਟਨਾਵਾਂ ਦੇ ਪਾਤਰਾਂ ਉੱਪਰ ਜਜ਼ਬਾਤੀ ਅਸਰ ਦੇ ਵਿਸ਼ਲੇਸ਼ਣ ਤੋਂ ਉਲਟ ਜ਼ਿਆਦਾ ਤਵੱਜੋ ਕਹਾਣੀ ਦੀ ਕਿਰਿਆ ਉੱਪਰ ਦਿੱਤੀ ਗਈ ਹੈ। ਅਣਖੀ ਜੀ ਕਿਰਦਾਰਾਂ ਨੂੰ ਪਛਤਾਵੇ ਜਾਂ ਨਮੋਸ਼ੀ ਦੀ ਉਪਭਾਵੁਕਤਾ ਦੇ ਚੱਕਰ ਵਿੱਚ ਪਾਉਣ ਤੋਂ ਪਹਿਲਾਂ ਹੀ ਕਹਾਣੀ ਦੀ ਅਗਲੀ ਝਾਕੀ ਪਾਠਕਾਂ ਨੂੰ ਦ੍ਰਿਸ਼ਟੀਮਾਨ ਕਰਾ ਦਿੰਦੇ ਹਨ। ਇਸਦਾ ਅਸਰ ਪਾਠਕ ਉੱਪਰ ਇਸ ਤਰ੍ਹਾਂ ਹੁੰਦਾ ਹੈ ਕਿ ਕਹਾਣੀ ਦੀ ਇਹੀ ਤੇਜ਼-ਤਰਾਰ ਕਿਰਿਆ ਉਸਨੂੰ ਤਕਰੀਬਨ 400 ਪੰਨਿਆਂ ਦੀ ਇਸ ਨਾਵਲ ਕੋਲ ਕੀਲ ਕੇ ਬਿਠਾਈ ਰੱਖਦੀ ਹੈ। ਮੀਟਿੰਗ ਵਿੱਚ ਸ਼ਮੂਲੀਅਤ ਕਰ ਰਹੇ ਜ਼ਿਆਦਾਤਰ ਮੈਂਬਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਨਾਵਲ ਵਿੱਚ ਘਟਨਾਵਾਂ ਦੀ ਤੇਜ਼ ਚਾਲੀ ਹੀ ਇਸਨੂੰ ਰੌਚਕਤਾ ਦਿੰਦੀ ਹੈ ਜਿਸ ਕਰਕੇ ਇਹ ਨਾਵਲ ਪੰਜਾਬੀ ਸਾਹਿਤ ਨਾਲ ਜੁੜੇ ਨਵੇਂ ਪਾਠਕਾਂ ਵੱਲੋਂ ਵੀ ਆਸਾਨੀ ਨਾਲ ਪੜ੍ਹੀ ਜਾ ਸਕਦੀ ਹੈ। ਉਂਝ ਏਨੇ ਫੈਲਾਅ ਵਾਲੀ ਕਹਾਣੀ ਵਿੱਚ ਕੁਝ ਲੜੀਆਂ ਢਿੱਲੀਆਂ ਵੀ ਰਹਿ ਜਾਂਦੀਆਂ ਹਨ। ਜਿਵੇਂ ਇਹ ਕਿਤੇ ਨਹੀਂ ਦੱਸਿਆ ਗਿਆ ਕਿ ਗਿੰਦਰ ਨਾਲ ਘਰੋਂ ਗਾਇਬ ਹੋ ਜਾਣ ਬਾਅਦ ਕੀ ਵਾਪਰਿਆ ਤੇ ਕਿਵੇਂ ਉਹ ਪਰਾਗਦਾਸ ਦੇ ਡੇਰੇ ਵਾਪਸ ਆ ਪਹੁੰਚਿਆ। ਦੂਜਾ ਅਣਖੀ ਜੀ ਨੇ ਇਸ ਤਰ੍ਹਾਂ ਦਾ ਮਹੌਲ ਬਣਾਇਆ ਹੈ ਕਿ ਜਿੱਥੇ ਨਸੀਬ ਤੇ ਪੁਸ਼ਪਿੰਦਰ ਆਰਾਮ ਨਾਲ ਇੱਕ ਦੂਜੇ ਦੇ ਘਰ ਆ ਜਾ ਸਕਦੇ ਹਨ। ਪਾਠਕਾਂ ਨੇ ਸ਼ੰਕਾ ਜਤਾਈ ਕਿ ਅੱਜ ਤੱਕ ਵੀ ਪਿੰਡਾਂ ਦਾ ਮਹੌਲ ਏਨਾ ਉਦਾਰਵਾਦੀ ਨਹੀਂ ਹੋਇਆ ਜਿੰਨਾ ਅਣਖੀ ਜੀ 80 ਵਿਆਂ ਦਾ ਦੱਸ ਰਹੇ ਹਨ। ਏਸੇ ਤਰ੍ਹਾਂ ਇੱਕ ਜਗ੍ਹਾ ਪੁਸ਼ਪਿੰਦਰ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੁੰਦੀ ਹੈ ਤਾਂ ਉਸਨੂੰ ਵੇਖਣ ਵਿਖਾਉਣ ਕੇਵਲ ਮੁੰਡਾ ਤੇ ਉਸਦਾ ਇੱਕ ਦੋਸਤ ਆਉਂਦੇ ਹਨ। ਪਾਠਕ ਜਾਣਦੇ ਹਨ ਕਿ ਸਾਡੀ ਪੇਂਡੂ ਸਭਿਆਚਾਰਕ ਰੀਤ ਇਹ ਹੈ ਕਿ ਰਿਸ਼ਤੇ ਪਰਿਵਾਰ ਵੱਲੋਂ ਪਸੰਦ ਕੀਤੇ ਜਾਂਦੇ ਹਨ… ਵਿਆਹ ਵਾਲੇ ਮੁੰਡੇ ਦਾ ਆਪਣੇ ਇੱਕ ਦੋਸਤ ਨਾਲ ਹੀ ਆ ਕੇ ਹਾਂ ਕਰ ਜਾਣਾ ਯਕੀਨੀ ਨਹੀਂ ਲੱਗਦਾ।
ਅੱਗੇ ਵਧੀਏ ਤਾਂ ਅਣਖੀ ਜੀ ਦੀ ਇਸ ਗੱਲੋਂ ਸਰਾਹਣਾ ਬਣਦੀ ਹੈ ਕਿ ਉਹਨਾਂ ਨੇ ਪੰਜਾਬੀ ਦੀ ਮਲਵਈ ਉਪਭਾਸ਼ਾ ਨੂੰ ਸੰਪੂਰਨ ਸ਼ੁੱਧਤਾ ਨਾਲ ਨਾਵਲ ਵਿੱਚ ਵਰਤਿਆ ਹੈ। ਕਹਾਣੀ ਦੇ ਕਿਰਦਾਰਾਂ ਨਾਲ ਭੌਤਿਕ ਸਾਂਝ ਰੱਖਦੇ ਪਾਠਕ ਨੂੰ ਬੋਲੀ ਦੀ ਅਪਣੱਤ ਉਹਨਾਂ ਦੇ ਹੋਰ ਨੇੜੇ ਲੈ ਆਉਂਦੀ ਹੈ। ਮੀਟਿੰਗ ਵਿੱਚ ਨਵੇਂ ਯੁੱਗ ਦੀ ਚੇਤਨਾ ਵਿੱਚੋਂ ਵਿੱਸਰਦੀ ਜਾਂਦੀ ਪੇਂਡੂ ਬੋਲਣੀ ਬਾਰੇ ਚਰਚਾ ਹੋਈ ਜਿਸ ਨੂੰ ਅਣਖੀ ਹੁਣਾਂ ਨੇ ਨਾਵਲ ਵਿੱਚ ਘਰੋੜੀ ਵਾਲੇ ਸਾਹਾਂ ਦਾ ਤੋਹਫਾ ਦਿੱਤਾ ਹੈ। ਉਦਾਹਰਣ ਲਈ ਨਾਵਲ ਵਿੱਚੋਂ ਕੁਝ ਵਾਕ ਸਾਂਝੇ ਕਰਦੇ ਹਾਂ, “ ਆਪਾਂ ਨੂੰ ਕੀ ਭਾਈ ਆਵਦੇ ਬਰ੍ਹਮ ਚ’ ਕੋਈ ਕਿਮੇ ਰਹੇ” “ਕੀ ਤਖਲੀਪ ਐ ਉਹਨੂੰ” “ਭੈਣ ਦੀ ਪੈ ਗਿਆ, ਆਹ ਤਾਂ ਸਬਾਤ ਨੂੰ ਈ ਪਹੀਏ ਲਾ ਤੇ ਕੰਜਰਾਂ ਨੇ” ਇਹ ਵੀ ਜ਼ਿਕਰਯੋਗ ਹੈ ਕਿ ਅਣਖੀ ਜੀ ਨਾਵਲ ਦੀਆਂ ਤਿੰਨਾਂ ਪੀੜ੍ਹੀਆਂ ਦੇ ਭਾਸ਼ਾਈ ਬਦਲਾਅ ਨੂੰ ਬੇਹਤਰੀਨ ਢੰਗ ਨਾਲ ਕਿਰਦਾਰਾਂ ਦੀ ਬੋਲੀ ਵਿੱਚ ਰੂਪਮਾਨ ਕਰਦੇ ਹਨ। ਜਦੋਂ ਨਾਵਲ ਦੇ ਸ਼ੁਰੂਆਤ ਵਾਲੇ ਹਿੱਸੇ ਵਿੱਚ 40 ਵੀਆਂ -50 ਵਾਂ ਵਾਲਾ ਦਹਾਕਾ ਚੱਲ ਰਿਹਾ ਹੁੰਦਾ ਹੈ ਤਾਂ ਸ਼ੁੱਧ ਪੇਂਡੂ ਬੋਲੀ ਦੀ ਵਰਤੋਂ ਹੈ। ਕਿਤੇ ਵੀ ਕੋਈ ਅੰਗ੍ਰੇਜ਼ੀ ਦਾ ਸ਼ਬਦ ਜਾਂ ਲੇਖਕ ਅਤੇ ਪਾਤਰਾਂ ਦੇ ਬੌਧਿਕ ਪਾੜੇ ਦੀ ਨਿਸ਼ਾਨੀ ਲਿਖਤ ਵਿੱਚ ਨਹੀਂ ਨਜ਼ਰ ਆਉਂਦੀ। ਏਥੋਂ ਤੱਕ ਸਾਡੇ ਇੱਕ ਪਾਠਕ/ ਮੈਂਬਰ ਨੇ ਇਹ ਤੱਕ ਖਣਿਜ ਕੱਢ ਲਿਆਂਦਾ ਕਿ ਪਹਿਲੇ ਭਾਗ ਵਿੱਚ ਸਿਰਫ਼ ਇੱਕ ਅੰਗ੍ਰੇਜ਼ੀ ਦਾ ਸ਼ਬਦ ਵਰਤਿਆ ਗਿਆ ਹੈ ਜਿੱਥੇ ਉਹਨਾਂ ਬੰਦੂਕ ਸਾਫ ਕਰਨ ਵਾਲੇ ਕੱਪੜੇ ਚਿੰਦੀ ਤੇ ਰੱਸੀ ਨੂੰ “ਪੁਲਥਰੂ” ਲਿਖਿਆ ਹੈ। ਪਰ ਆਖਿਰੀ ਹਿੱਸੇ ਵਿੱਚ ਜਿੱਥੇ ਨਵੇਂ ਯੁੱਗ ਦੇ ਕਿਰਦਾਰ ਹਨ ਉੱਥੇ ਭਾਸ਼ਾ ਦਾ ਸੂਖਮ ਬਦਲਾਅ ਪਾਤਰਾਂ ਦੀ ਬੋਲੀ ਵਿੱਚ ਆ ਜਾਂਦਾ ਹੈ। ਕੁਝ ਅਖਾਣ ਅਤੇ ਹਵਾਲੇ ਵੀ ਅੰਗ੍ਰੇਜ਼ੀ ਨਾਲ ਸੰਬੰਧਤ ਹਨ ਜੋ ਪਤਰਾਂ ਦੇ ਵਾਰਤਾਲਾਪ ਵਿੱਚ ਦਿਸਦੇ ਹਨ। ਭਾਸ਼ਾ ਦਾ ਇਸ ਤਰ੍ਹਾਂ ਦਾ ਨਿਯੰਤਰਨ ਤੋਂ ਅੱਜ-ਕੱਲ ਦੇ ਲਿਖਾਰੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ।
ਕੁਝ ਪਾਠਕਾਂ ਨੇ ਕਿਤਾਬ ਦੀਆਂ ਨਵੇਂ ਅਤੇ ਪੁਰਾਣੇ ਛਾਪਿਆਂ ਦੀ ਤੁਲਨਾ ਕੀਤੀ ਤਾਂ ਸਾਹਮਣੇ ਆਇਆ ਕਿ ਪੁਰਾਣੀ ਕਿਤਾਬ ਨਾਲੋੰ ਨਵੀਂ ਕਿਤਾਬ ਕਾਫ਼ੀ ਹੱਦ ਤੱਕ ਕੱਟ -ਕਟਾ ਕਰਕੇ ਛੋਟੀ ਕਰ ਦਿੱਤੀ ਗਈ ਹੈ। ਪਾਠਕ ਦੋਸਤਾਂ ਨੇ ਮੀਟਿੰਗ ਵਿੱਚ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਪੁਰਾਣੀ ਕਿਤਾਬ ਵਿੱਚ ਬਲਕਾਰ ਨੂੰ ਜ਼ਿਆਦਾ ਥਾਂ ਦੇ ਕੇ ਉਸਦੇ ਮੰਤਵ ਨੂੰ ਦਰਸਾਇਆ ਗਿਆ ਹੈ। ਨਵੇਂ ਪ੍ਰਕਾਸ਼ਨ ਵਿੱਚ ਇਹ ਕਿਤੇ ਨਹੀਂ ਪਤਾ ਲੱਗਦਾ ਕਿ ਬਲਕਾਰ ਚੇਅਰਮੈਨ ਨੂੰ ਕਿਉਂ ਮਾਰ ਦਿੰਦਾ ਹੈ ਜਦਕਿ ਪੁਰਾਣੇ ਸੰਸਕਰਣ ਵਿੱਚ ਇਸ ਬਾਰੇ ਲਿਖਿਆ ਹਿੱਸਾ ਮਿਲਦਾ ਹੈ। ਇੱਕ ਥਾਂ ਬਦਰੀ ਅਤੇ ਬਲਕਾਰ ਦੇ ਇੱਕ ਵਿਚਾਰ-ਵਟਾਂਦਰੇ ਵਿੱਚੋਂ ਦੋ ਤਰੀਕੇ ਦੇ ਨਕਸਲਵਾਦੀ ਕਾਰਕੁੰਨਾ ਦੇ ਸੁਭਾਵਿਕ ਫਰਕਾਂ ਨੂੰ ਦੱਸਿਆ ਗਿਆ ਸੀ ਜੋ ਨਵੀਂ ਕਿਤਾਬ ਵਿੱਚੋਂ ਕੱਟ ਦਿੱਤਾ ਗਿਆ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਨਕਸਲਵਾਦ ਲਹਿਰ ਨਾਲ ਸੰਬੰਧਤ ਹਿੱਸਿਆਂ ਨੂੰ ਹੀ ਕੱਟਿਆ ਗਿਆ ਹੈ। ਅੱਜਕੱਲ ਵਿੱਚ “ ਕੋਠੇ ਖੜਕ ਸਿੰਘ” ਦੇ ਵੱਧ ਪ੍ਰਚੱਲਤ ਸੰਸਕਰਣਾਂ ਵਿੱਚੋਂ ਇਹੀ ਹੈ ਉਹ ਹੈ ਜੋ ਪ੍ਰਕਾਸ਼ਕ “ਆਟਮ ਆਰਟ” ਵੱਲੋਂ ਛਾਪਿਆ ਗਿਆ ਹੈ। ਇਸ ਕਟੌਤ ਪਿੱਛੇ ਪ੍ਰਕਾਸ਼ਕ ਦਾ ਕੀ ਮੰਤਵ ਸੀ,ਇਸਦੇ ਬਾਰੇ ਜ਼ਰੂਰ ਕਿਤਾਬ ਵਿੱਚ ਜ਼ਿਕਰ ਕਰਨਾ ਚਾਹੀਦਾ ਸੀ।
ਆਖਿਰ ਵਿੱਚ ਏਨਾ ਕਹਿ ਕੇ ਸਮਾਪਤ ਕਰਦੇ ਹਾਂ ਕਿ “ਕੋਠੇ ਖੜਕ ਸਿੰਘ” ਪੰਜਾਬੀ ਦੀ ਇੱਕ ਲਾਸਾਨੀ ਰਚਨਾ ਹੈ ਜਿਸਨੂੰ ਲਿਖਣਾ ਰਾਮ ਸਰੂਪ ਅਣਖੀ ਦਾ ਸਾਡੀ ਅਤੇ ਆਉਣ ਵਾਲੀ ਪੀੜ੍ਹੀ ਉੱਪਰ ਵੱਡਮੁੱਲਾ ਅਹਿਸਾਨ ਹੈ।
Writer - Jashanpreet Kaur
She can be reached at Jashanp151@gmail.com
Instagram: Jashn151