ਮੀਟਿੰਗ 19
ਕਿਤਾਬਃ ਰਾਣੀ ਤੱਤ (ਸੋਹਿਲੇ ਧੂੜ ਮਿੱਟੀ ਕੇ)
ਲੇਖਕਃ ਹਰਮਨਜੀਤ ਸਿੰਘ
ਬੁੱਕ-ਕਲੱਬ ਲਈ ਬਣੀ ਦੂਜੀ ਲੜਵੀਰ ਸੂਚੀ ਦੀ ਸ਼ੁਰੂਆਤ ਹਰਮਨ (ਜੋ ਅੱਜਕੱਲ ਕਿਤਾਬ ਦੀਆਂ ਨਵੀਆਂ ਐਡੀਸ਼ਨਾਂ ਵਿੱਚ ਆਪਣਾ ਸਿਰਨਾਵਾਂ ਹਰਮਨਜੀਤ ਸਿੰਘ ਲਿਖਦੇ ਨੇ) ਦੀ ਕਿਤਾਬ “ਰਾਣੀ ਤੱਤ” ਨਾਲ ਹੋਈ। 2015 ਵਿੱਚ ਪਹਿਲੀ ਵਾਰ ਛਪੀ ਇਸ ਕਿਤਾਬ ਦੀਆਂ ਹੁਣ ਤੱਕ ਤਕਰੀਬਨ 60,000 ਕਾਪੀਆਂ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ। ਪੰਜਾਬੀ ਭਾਈਚਾਰੇ ਵਿੱਚ ਕਿਸੇ ਕਿਤਾਬ ਲਈ ਇਹ ਉੱਚ ਪੱਧਰ ਦਾ ਨਾਮਨਾ ਹੈ ਜਿੱਥੇ ਆਮ ਲੋਕਾਂ ਵਿੱਚ ਸਾਹਿਤ ਵੱਲ ਬਹੁਤੀ ਸੁਚੇਤਨਾ ਆਉਣੀ ਅਜੇ ਬਾਕੀ ਹੈ। ਪ੍ਰਵਾਸੀ ਪੰਜਾਬੀ ਪਾਠਕਾਂ ਵਿੱਚ ਵੀ ਇਸ ਕਿਤਾਬ ਦੀ ਹੁਣ ਤੱਕ ਕਾਫ਼ੀ ਚਰਚਾ ਰਹੀ ਹੈ। ਹਰਮਨ ਨੇ ਕੁਝ ਸਾਲਾਂ ਤੋਂ ਮਾਯੂਸ ਰੂਪ ਵਿੱਚਰਦੀ ਕਵਿਤਾ ਦੀ ਦਿੱਖ ਨੂੰ ਮੁੜ ਸੁਰਜੀਤ ਕੀਤਾ ਹੈ। ਉਸਦੀ ਕਾਲਪਨਿਕ ਦ੍ਰਿਸ਼ਟੀ ਦੇ ਘੇਰੇ, ਨਿਵੇਕਲੇ ਸ਼ਬਦ-ਜੋੜ, ਲੈਅ, ਅਤੇ ਸਾਦੇ ਪੇਂਡੂ ਕਾਵਿ ਵਿਸ਼ਿਆਂ ਨੂੰ ਵੇਖਣ ਦਾ ਤਰੀਕਾ ਸਾਡੀ ਸਮੁੱਚੀ ਪੀੜ੍ਹੀ ਨੂੰ ਇੱਕ ਵਿਲੱਖਣ ਕਾਵਿ ਚੇਤਨਾ ਦਾ ਤੋਹਫ਼ਾ ਦੇ ਜਾਂਦਾ ਹੈ। ਹਰਮਨ ਆਪਣੀ ਰਚਨਾਤਮਕ ਕਲਾ ਨਾਲ ਰੁੱਖਾਂ, ਖੇਤਾਂ, ਰੋੜ੍ਹਾਂ, ਰੁੱਤਾਂ, ਪਹਿਆਂ ਨੂੰ ਏਨਾ ਵੱਡਾ ਤੇ ਬਲਵਾਨ ਬਣਾ ਦਿੰਦਾ ਹੈ, ਕਿ ਪਾਠਕ ਕਿਤਾਬ ਨੂੰ ਪੜ੍ਹ ਕੇ ਰੱਖਣ ਤੋਂ ਬਾਅਦ ਇੱਕ ਨਵੇਂ ਨਜ਼ਰੀਏ ਤੋਂ ਇਹਨਾਂ ਮਾਮੂਲੀ ਚੀਜ਼ਾਂ ਦੇ ਰੂ-ਬ-ਰੂ ਹੁੰਦਾ ਹੈ।
ਕਿਤਾਬ ਦੀ ਤਿੰਨ ਹਿੱਸਿਆਂ ਵਿੱਚ ਚਰਚਾ ਕੀਤੀ ਗਈ ਸੋਭਾ-ਸਗਣ, ਕਵਿਤਾ ਅਤੇ ਵਾਰਤਕ। ਸੋਭਾ ਸਗਣ ਵਿੱਚੋਂ ਹੀ ਜਿੱਥੇ ਲੇਖਕ ਕੋਲੋਂ ਭਾਸ਼ਾ ਦੀ ਬਹੁ-ਪਾਸੜ ਅਮੀਰੀ ਦੀ ਝਲਕਾਰ ਪੈ ਜਾਂਦੀ ਹੈ, ੳਥੇ ਹੀ ਇਹ ਵੀ ਵੇਖਿਆ ਗਿਆ ਕਿ ਮੀਟਿੰਗ ਵਿੱਚ ਆਏ ਮੈਂਬਰਾਂ ਕੋਲ ਜੋ ਅਲੱਗ-ਅਲੱਗ ਐਡੀਸ਼ਨ ਦੀਆਂ ਕਿਤਾਬਾਂ ਸਨ, ਉਹਨਾਂ ਸਭ ਵਿੱਚ ਵੱਖਰੀ ਭੂਮਿਕਾ ਲਿਖੀ ਗਈ ਹੈ। ਭੁਮਿਕਾ ਦੇ ਅੰਤ ਵਿੱਚ ਤਾਰੀਖ ਉਹੀ 2015 ਦੀ ਦਿੱਤੀ ਗਈ ਹੈ, ਜਦਕਿ ਸਾਫ਼ ਹੈ ਕਿ ਉਸ ਤੋਂ ਬਾਅਦ ਵੀ ਕਿਤਾਬ ਦੇ ਇਸ ਹਿੱਸੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। ਇੱਥੋਂ ਮੀਟਿੰਗ ਦੇ ਪਹਿਲੇ ਘੰਟੇ ਵਿੱਚ ਹੀ ਹਰਮਨ ਦੀ ਨੈਤਿਕਤਾ ਉੱਤੇ ਕੁਝ ਉਚਿਤ ਸਵਾਲ ਖੜੇ ਹੋ ਗਏ। ਚਰਚਾ ਵਿੱਚ ਇਹ ਗੱਲ ਵੀ ਆਈ ਕਿ ਜਿੱਥੇ ਉਸਦੇ ਹਮ-ਉਮਰ ਹੋਰ ਪੰਜਾਬੀ ਕਵੀ ਵਿਛੋੜੇ,ਚਿੱਠੀਆਂ ਆਦਿ ਦੀ ਹੀ ਗੱਲ ਦੁਹਰਾਈ ਜਾਂਦੇ ਹਨ, ੳਥੇ ਭੂਮਿਕਾ ਵਿੱਚ ਹੀ “ਹੜੱਪਾ ਦੀਆਂ ਖੁਦਾਈਆਂ”, “ਹੀਰ” ਅਤੇ “ਵਾਰਿਸ ਸ਼ਾਹ” ਨੂੰ ਇੱਕੋ ਸਤਰ ਵਿੱਚ ਲੈ ਆਉਣ ਤੋਂ ਹਰਮਨ ਦੀ ਲਾਸਾਨੀ ਲਿਖਣ ਕਲਾ ਦੀ ਪਹੁੰਚ ਅਤੇ ਸੁਹੱਪਣ ਦਾ ਨਮੂਨਾ ਮਿਲ ਜਾਂਦਾ ਹੈ। ਉਹ ਲਿਖਦਾ ਹੈਃ
“ ਹੜੱਪਾ ਦੀਆਂ ਖੁਦਾਈਆਂ ਬੋਲਦੀਆਂ ਨੇ। ਉਹ ਧਰਤੀ ਜਿੱਥੇ ਕਿੱਸਾ ਜਗਤ ਦਾ ਸ਼ਹਿਨਸ਼ਾਹ ਅਤੇ ਢਾਬਾਂ ਦੇ ਪਾਣੀਆਂ ਦਾ ਸੇਵਕ ਵਾਰਿਸ ਸ਼ਾਹ, ਹੀਰ ਦੀਆਂ ਪੈੜਾਂ ਲੱਭਦਾ ਰਿਹਾ ਤੇ ਸੁਖ਼ਨ ਦੇ ਨਵਾਬੀ ਫੁੱਲ ਚੁਗਦਾ ਰਿਹਾ। ਵਧੇ ਫੁੱਲੇ ਪੰਜਾਬ! “
ਕਵਿਤਾਵਾਂ ਵੱਲ ਵੱਧਦਿਆਂ ਪਹਿਲੀ ਕਵਿਤਾ “ਨਾਨਕ” ਤੋਂ ਚਰਚਾ ਦੀ ਸ਼ੁਰੂਆਤ ਹੋਈ। ਇਹ ਕਵਿਤਾ ਜੋ ਭਾਈ ਮਰਦਾਨਾ ਵੱਲੋਂ ਬਾਬਾ ਨਾਨਕ ਨੂੰ ਸੰਬੋਧਿਤ ਕਰਦਿਆਂ ਲਿਖੀ ਗਈ ਹੈ, ਜਦ ਪਹਿਲੇ ਸੰਸਕਰਨ ਵਿੱਚ ਛਪੀ ਸੀ ਇਸ ਤਰ੍ਹਾਂ ਸੀ,
” ਜਿੱਥੇ ਯਸ਼ਬ ਮਿਲੇਂਦੇ ਸੁੱਚੜੇ
ਤੇ ਕੁਰਮ ਵਗੇ ਦਰਿਆ।।
ਤੇਰੀ ਬੁੱਕਲ ਦੇ ਵਿੱਚ ਪਾਤਸ਼ਾਹ
ਮੇਰੇ ਨਿੱਕਲ ਜਾਵਣ ਸਾਹ।।
ਤੂੰ ਡੂੰਮ-ਏ-ਖੁਦਾਈ ਥੀਂਵਦਾ
ਮੈਂ ਤੇਰਾ ਡੂੰਮ ਰਹਾਂ।।
ਬੱਸ ਮੈਂ ਤੇਰਾ ਮਰਦਾਨੜਾ
ਤੂੰ ਮੇਰਾ ਨਾਨਕਵਾ“
ਬਾਅਦ ਵਿੱਚ ਛਪੀਆਂ ਕਿਤਾਬਾਂ ਵਿੱਚ ਇਸ ਸਤਰ ਨੂੰ ਬਦਲ ਕੇ ਇਸ ਤਰ੍ਹਾਂ ਲਿਖ ਦਿੱਤਾ ਗਿਆ,
“ਜਿੱਥੇ ਯਸ਼ਬ ਮਿਲੇਂਦੇ ਸੁੱਚੜੇ ਤੇ ਕੁਰਮ ਵਗੇ ਦਰਿਆ ਤੇਰੀ ਬੁੱਕਲ ਦੇ ਵਿੱਚ ਪਾਤਿਸ਼ਾਹ ਮੇਰੇ ਨਿੱਕਲ ਜਾਵਣ ਸਾਹ ਮੇਰੇ ਤਨ ਦਾ ਚੋਲਾ ਉੱਡ ਕੇ ਜਦ ਰਲ ਜਾਏ ਵਿੱਚ ਹਵਾ ਤਾਂ ਹਵਾ 'ਚੋਂ ਉੱਠੇ ਗੂੰਜ ਵੇ ਨਾਨਕਵਾ ! ਨਾਨਕਵਾ ! ਨਾਨਕਵਾ ! ਨਾਨਕਵਾ !“
ਇੱਥੇ ਇਸ ਸਵਾਲ ਤੋਂ ਕੰਨੀ ਨਹੀਂ ਕਤਰਾਈ ਜਾ ਸਕਦੀ ਕਿ ਉੱਚ ਜਾਤ ਬਾਬਾ ਨਾਨਕ ਅਤੇ ਨੀਵੀਂ ਪ੍ਰਗਟਾਈ ਜਾਂਦੀ ਜਾਤ ਵਾਲੇ ਭਾਈ ਮਰਦਾਨਾ ਦੇ ਅਸਾਧਾਰਨ ਰਿਸ਼ਤੇ ਬਾਰੇ ਲਿਖਦਿਆਂ ਸਿਰਫ਼ ਭਾਈ ਮਰਦਾਨਾ ਦੀ ਜਾਤ ਵਾਲੇ ਸ਼ਬਦ ( ਡੂਮ) ਹਟਾ ਦੇਣ ਪਿੱਛੇ ਕੀ ਮੰਤਵ ਹੋ ਸਕਦਾ ਹੈ? ਇਹ ਵੀ ਜ਼ਿਕਰਯੋਗ ਹੈ ਕਿ ਬਾਬਾ ਨਾਨਕ ਨੂੰ ਦੋਹਾਂ ਉਲੱਥਿਆਂ ਵਿੱਚ “ ਬੇਦੜੀਆਂ” ਦੇ ਪਰਿਵਾਰ ਦਾ ਹੀ ਲਿਖਿਆ ਗਿਆ ਹੈ।
ਹਰਮਨਜੀਤ ਜਦ ਕੁਦਰਤੀ ਤੱਤਾਂ ਬਾਰੇ ਕਵਿਤਾ ਲਿਖਦਾ ਹੈ ਤਾਂ ਸੁਚੱਜੀ ਅਤੇ ਸੰਪੂਰਨ ਹੁੰਦੀ ਹੈ ਪਰ ਸਮਾਜਿਕ ਸਰੋਕਾਰ ਉਸਦੀ ਕਵਿਤਾ ਵਿੱਚ ਰਿਵਾਇਤੀ ਕਮੀਆਂ ਪੇਸ਼ੀਆਂ ਨਾਲ ਸ਼ਾਮਿਲ ਹੋਏ ਹਨ। ਜਿਵੇਂ ਉਸਨੇ ਬੇਝਿਜਕ “ਜੱਟੀ” ਸ਼ਬਦ ਦੀ ਵਰਤੋਂ ਨਾਲ ਪੰਜਾਬੀ ਪੇਂਡੂ ਸਮਾਜ ਦੀ ਜਾਤੀ ਨਾਬਰਾਬਰੀ ਤੇ ਇਸ ਤੋਂ ਉਠਦੀਆਂ ਉਲਝਣਾਂ ਨੂੰ ਢਾਲ ਦਿੱਤੀ ਹੈ।
ਉਹ ਕਵਿਤਾ “ਫੁੱਲਾਂ ਵਾਲਾ ਪਾਣੀ” ਵਿੱਚ ਲਿਖਦਾ ਹੈ,
” ਜਿਵੇਂ ਕਿਸੇ ਰਕਾਨ ਜਿਹੀ ਜੱਟੀ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ”।
ਜਿਸ ਸਮਾਜ ਵਿੱਚ ਸੁਹੱਪਣ ਦਾ ਸੁਖ ਅਤੇ ਉੱਚੇ ਸਮਾਜਿਕ ਪੱਧਰ ਦੀ ਹੱਕਦਾਰੀ ਪਰੰਪਰਾਗਤ ਤੌਰ ਤੇ ਕਿਸੇ ਇੱਕ ਅੱਧੇ ਵਰਗ ਲਈ ਹੀ ਰਾਖਵੀਂ ਹੋਵੇ, ਇਸ ਕਾਣੀ ਵੰਡ ਤੋਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਇੱਕ ਲਿਖਾਰੀ ਸੁਚੇਤ ਹੋ ਸਕਦਾ ਹੈ। ਮੈਂਬਰਾਂ ਨੇ ਸ਼ੰਕਾ ਜਾਹਿਰ ਕੀਤੀ ਕਿ ਹਰਮਨ ਇੱਕ ਸੰਵੇਦਨਸ਼ੀਲ ਕਵੀ ਹੁੰਦਿਆਂ ਹੋਇਆਂ ਵੀ ਜਾਤ ਦੇ ਭਰਮ ਨੂੰ ਆਪਣੀ ਸੋਚ ਵਿੱਚੋਂ ਜੁਦਾ ਨਹੀਂ ਕਰ ਪਾਇਆ।
ਅੱਗੇ ਵੱਧਦਿਆਂ ਹਰਮਨ ਦੀਆਂ ਕਵਿਤਾਵਾਂ ਵਿੱਚ ਪਿੱਤਰੀ ਸੱਤਾ ਨੂੰ ਬਣਾਏ ਰੱਖਣ ਦਾ ਰੁਝਾਨ ਮੈਂਬਰਾਂ ਦੀ ਟਿੱਪਣੀਆਂ ਦਾ ਵਿਸ਼ਾ ਸੀ। ਕਵਿਤਾ”ਕੁੜੀਆਂ ਕੇਸ ਵਾਹੁੰਦੀਆਂ” ਉਸਦੀਆਂ ਸਭ ਤੋਂ ਵੱਧ ਪ੍ਰਮਾਣਿਤ ਕਵਿਤਾਵਾਂ ਵਿੱਚੋਂ ਇੱਕ ਹੈ। ਪਰ ਇਸ ਗੱਲ ਤੇ ਮੀਟਿੰਗ ਵਿੱਚ ਕਾਫ਼ੀ ਸਾਥੀਆਂ ਵੱਲੋਂ ਟਿੱਪਣੀ ਕੀਤੀ ਗਈ ਕਿ ਇਸ ਕਵਿਤਾ ਵਿੱਚ ਉਹ ਪੁਰਾਣੀਆਂ ਦਾਜ ਕੁਰੀਤੀਆਂ ਨੂੰ ਇੱਕ ਖੁਸ਼ਨੁਮਾ ਰੰਗਤ ਦੇ ਕੇ ਪੇਸ਼ ਕਰਦਾ ਹੈ । ਇਸ ਕਵਿਤਾ ਵਿੱਚ ਉਸਨੇ ਪਿਛਲੀ ਸਦੀ ਵਿੱਚ ਕੁੜੀਆਂ ਵੱਲੋਂ ਆਪਣੇ ਦਾਜ ਲਈ ਦਰੀਆਂ, ਫੁਲਕਾਰੀਆਂ ਆਦਿ ਆਪ ਬੁਨਣ ਦੀ ਰੀਤ ਨੂੰ ਇੱਕ ਦਿਲਕਸ਼ ਸ਼ਬਦੀ ਜਾਮਾ ਪਹਿਨਾ ਕੇ ਪੇਸ਼ ਕੀਤਾ ਹੈ। ਦਾਜ ਬੀਤੇ ਅਤੇ ਅੱਜ ਦੀ ਇੱਕ ਸਮਾਜਿਕ ਕੁਰੀਤੀ ਹੈ। ਲਿਖਾਰੀ ਜੇ ਇਸ ਉੱਤੇ ਆਵਾਜ਼ ਨਹੀਂ ਉਠਾ ਸਕਦੇ ਤਾਂ ਇਸਨੂੰ ਬੀਤੇ ਸਮੇਂ ਦੀ ਸੁਖਨਮਈ ਯਾਦ ਵਜੋਂ ਵੀ ਨਾ ਲਿਖਣ! ਇਸੇ ਹੀ ਕਵਿਤਾ ਵਿੱਚ ਇੱਕ ਹੋਰ ਪੰਕਤਿ ਜਿਸਦੀ ਪਿੱਤਰਸੱਤਾ ਭਰੀ ਆਵਾਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਲਿਖਦਾ ਹੈਃ
“ ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨੀਂ ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨੀਂ ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ “
ਇਹ ਔਰਤਾਂ ਦੀ ਬਰਾਬਰੀ ਵਾਲੇ ਵਿਹਾਰ ਦੀ ਮੰਗ ਦੇ ਬਿਲਕੁਲ ਉਲਟ ਜਾਂਦਾ ਹੈ। ਮੈਂਬਰਾ ਨੇ ਇਹ ਸਿੱਟਾ ਕੱਢਿਆ ਕਿ ਇੱਕ ਅਨਪੜ੍ਹ ਮਾਂ ਜਿਸਨੂੰ ਸਾਖਰਤਾ ਨਹੀਂ ਛੂਹ ਸਕੀ ਅਤੇ ਜਿਸਨੇ ਫਿਰ ਵੀ “ਪੁੱਤ” ਪੜਾਉਣੇ ਹਨ, ਕੋਈ ਕਾਵਿਕ ਸੁਹੱਪਣ ਜਾਂ ਮਾਣ ਕਰਨ ਵਾਲੀ ਗੱਲ ਨਹੀਂ । ਬਲਕਿ ਸਾਨੂੰ ਇਸ ਬਾਰੇ ਫਿਕਰ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਹੋਰ ਪੀੜ੍ਹੀ ਏਸੇ ਗੇੜ ਵਿੱਚ ਨਾ ਫਸ ਜਾਵੇ।
ਕਿਤਾਬ ਦੀ ਮੀਟਿੰਗ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਿਰਫ਼ ਭੂਮਿਕਾ ਹੀ ਨਹੀਂ ਬਲਕਿ ਕਵਿਤਾਵਾਂ ਵੀ ਅਲੱਗ-ਅਲੱਗ ਸੰਸਕਰਨਾਂ ਵਿੱਚ ਅਲੱਗ ਹਨ। 8 ਸਾਲਾਂ ਵਿੱਚ ਲੇਖਕ ਨੇ ਕੋਈ ਨਵੀਂ ਕਿਤਾਬ ਨਹੀਂ ਲਿਖੀ ਪਰ ਏਸੇ ਹੀ ਕਿਤਾਬ ਨੂੰ ਏਨਾ ਸੋਧਿਆ ਹੈ ਕਿ ਤਕਰੀਬਨ ਹਰ ਕਿਤਾਬ ਵਿੱਚ ਵਖਰੇਵੇਂ ਹਨ। ਇਹ ਇੱਕ ਪਾਠਕ ਲਈ ਜੋ ਲੇਖਕ ਦੇ ਸਾਰੇ ਕੰਮ ਨੂੰ ਘੋਖਣਾ ਚਾਹੁੰਦਾ ਹੈ, ਬਹੁਤ ਔਖਿਆਈ ਪੈਦਾ ਕਰਦਾ ਹੈ। ਉਸਦੀਆਂ ਕਵਿਤਾਵਾਂ ਵਿੱਚ ਜੋ-ਜੋ ਕਮੀਆਂ ਸਾਨੂੰ ਨਜ਼ਰ ਆਈਆਂ ਉਹਨਾਂ ਬਾਰੇ ਗੱਲ ਤਾਂ ਹੋਈ ਪਰ ਇਹ ਵੀ ਚਰਚਾ ਵਿੱਚ ਲਿਆਂਦਾ ਗਿਆ ਕਿ ਕਿਵੇਂ ਹਰਮਨ ਦੇ ਕਾਵਿ ਸੁਹੱਪਣ ਨੇ ਪੰਜਾਬੀ ਸਾਹਿਤ ਨੂੰ ਇੱਕ ਅਮੁੱਲੀ ਦੇਣ ਬਖਸ਼ੀ ਹੈ। ਉਸਦੇ ਨਵੇਂ ਸ਼ਬਦ ਜੋੜ ਜਿਵੇਂ “ਪਗਬੋਸੀਆਂ” ਅਤੇ “ਰਾਣੀਤੱਤ “ ਵੀ ਪੰਜਾਬੀ ਭਾਸ਼ਾ ਦੀ ਅਮੀਰੀ ਦੀ ਨਿਸ਼ਾਨੀ ਹਨ। ਇਸ ਉੱਪਰ ਕੁਝ ਮੈਂਬਰਾਂ ਨੇ ਇਹ ਵੀ ਫਿਕਰ ਜਤਾਇਆ ਕਿ ਕਿਵੇਂ ਇਹ ਸ਼ਬਦ ਹਮੇਸ਼ਾ ਤੋਂ ਹੀ ਸਾਡੇ ਇਰਦ-ਗਿਰਦ ਸਨ, ਪਰ ਹਰਮਨ ਨੇ ਸਾਨੂੰ ਇਹਨਾਂ ਵਿੱਸਰੇ ਸ਼ਬਦਾਂ ਕੋਲ ਮੋੜ ਕੇ ਲਿਆਂਦਾ ਹੈ। ਅਸੀਂ ਆਪਣੀ ਭਾਸ਼ਾ ਤੋਂ ਏਨਾ ਨਾ ਟੁੱਟ ਨਾ ਜਾਈਏ ਕਿ ਪੰਜਾਬੀ ਦੀ ਸੋਹਣੀ ਸ਼ਬਦਾਵਲੀ ਸਾਥੋਂ ਵਿੱਸਰ ਜਾਏ।
ਇਸ ਤੋਂ ਅੱਗੇ ਚਰਚਾ ਦਾ ਰੁੱਖ ਉਸਦੀ ਕਿਤਾਬ ਦੇ ਵਾਰਤਕ ਹਿੱਸੇ ਵੱਲ ਮੋੜਦਿਆਂ ਮੈਂਬਰਾਂ ਨੇ ਇਸ ਗੱਲ ਤੇ ਵਿਚਾਰ ਸਾਂਝੇ ਕੀਤੇ ਕਿ ਇੱਕ ਕਵੀ ਜੋ ਵਾਰਤਕ ਵੀ ਲਿਖਦਾ ਹੈ, ਉਸਦਾ ਲਿਖਤ ਕਿੰਨੀ ਕੁ ਕਲਪਨਾ ਅਤੇ ਹਕੀਕਤ ਵਿੱਚਕਾਰ ਛਲਾਂਗ ਮਾਰ ਸਕਦੀ ਹੈ। ਹਰਮਨ ਵੀ ਕਵਿਤਾ ਅਤੇ ਵਾਰਤਕ ਲਿਖਦਾ ਹੈ, ਉਸਨੂੰ ਕੀ ਕਾਵਿ ਜਾਂ ਵਾਰਤਕ ਮਾਪਦੰਡਾਂ ਦੇ ਹਿਸਾਬ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ? ਹਾਲਾਂਕਿ ਕਾਵਿ-ਵਾਰਤਕ ਵੀ ਇੱਕ ਵੱਖਰੀ ਲਿਖਣ ਸ਼ੈਲੀ ਹੈ ਪਰ ਮੈਂਬਰਾਂ ਨੇ ਇਹ ਮਹਿਸੂਸ ਕੀਤਾ ਕਿ ਇਸ ਲੇਖਕ ਦੀ ਸਭ ਤੋਂ ਸੁਚੱਜੀ ਲਿਖਤ ਕਾਵਿ ਰੂਪ ਵਿੱਚ ਹੀ ਹੈ। ਜਦ ਉਹ ਵਾਰਤਕ ਲਿਖਣ ਲੱਗਦਾ ਹੈ, ਤਾਂ ਪਹਿਲੀ ਹੀ ਲਿਖਤ ਵਿੱਚ ਕੁਝ ਡਗਮਗਾ ਜਾਂਦਾ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਵਿਗਿਆਨ ਉੱਤੇ ਅਧਿਆਤਮਿਕ ਪਰਦਾ ਪਾਉਣਾ ਚਾਹੁੰਦਾ ਹੈ ਜੋ ਕਿ ਇੱਕ ਸੁਚੇਤ ਪਾਠਕ ਨੂੰ ਚੁਭਦਾ ਹੈ। ਜਿਵੇਂ ਆਪਣੇ ਪਹਿਲੇ ਵਾਰਤਕ ਲੇਖ ਵਿੱਚ ਉਹ ਜਿਸ ਪਾਣੀ ਵਾਲੇ ਪ੍ਰਯੋਗ ਦੀ ਗੱਲ ਕਰ ਰਿਹਾ ਹੈ, ਉਹ Masaru Emoto ਦੀਆਂ ਕਿਤਾਬਾਂ ਵਿੱਚੋੰ ਲਿਆ ਗਿਆ ਹੈ, ਜਿਸਦੇ ਖਰੇਪਨ ਤੇ ਪਹਿਲਾਂ ਹੀ ਕਈ ਸਵਾਲੀਆ ਨਿਸ਼ਾਨ ਉਠਾਏ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਲੇਖਕ ਨੇ ਬਿਨਾ ਹਵਾਲਿਆਂ ਤੋਂ ਹੀ ਇਸ ਪ੍ਰਯੋਗ ਬਾਰੇ ਸ਼ਲਾਘਾਵਾਦੀ ਲਿਖਦਿਆਂ ਉਸਨੂੰ ਸਰੋਵਰਾਂ ਦੀ ਪਵਿੱਤਰਤਾ ਨਾਲ ਜੋੜਕੇ ਪੰਜਾਬੀ ਸੰਦਰਭ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਦੇ ਸਾਰੇ ਵਾਰਤਕ ਵਿੱਚ ਇੱਕ ਗੈਬੀ ਛਾਇਆਵਾਦ ਘੜਨ ਦੀ ਕੋਸ਼ਿਸ਼ ਹੈ ਜਿਸਦਾ ਕੋਈ ਵੀ ਆਧਾਰ ਜਾਂ ਲੋੜ ਨਹੀਂ ਸੀ। ਉਹ ਪੀੜੀਆਂ ਦੀ ਜਿਨਸੀ ਅਖੰਡਤਾ ਦੀ ਵੀ ਗੱਲ ਕਰਦਾ ਹੈ ਤਾਂ ਇਹ ਵਿਗਿਆਨਕ ਤੋਂ ਜ਼ਿਆਦਾ ਰਹੱਸਵਾਦੀ ਲਿਖਤ ਹੈ। ਫਿਰ ਉਹ ਲਿਖਦਾ ਹੈ ਕਿ ਮਨੁੱਖ ਪੱਥਰ ਇੱਕ ਦੂਜੇ ਨੂੰ ਦੇ ਕੇ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਹੁੰਦੇ ਸਨ। ਇਸ ਲੇਖ ਦਾ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ ਤਾਂ ਬੇਬੁਨਿਆਦੀ ਜਿਹੀ ਗੱਲ ਲੱਗਦੀ ਹੈ। ਇਹੋ ਜਿਹੀਆਂ ਕਮੀਆਂ ਤੋਂ ਮੈਂਬਰਾਂ ਨੇ ਇਹ ਸਿੱਟਾ ਕੱਢਿਆ ਕਿ ਜਾਂ ਤਾਂ ਹਰਮਨ ਨੂੰ ਸਿਰਫ ਕਾਵਿ ਲੇਖਣ ਤੱਕ ਰਹਿਣਾ ਚਾਹੀਦਾ ਹੈ ਜਿੱਥੇ ਗੋਲ ਮੋਲ ਗੱਲ ਵੀ ਚੱਲ ਸਕਦੀ ਹੈ ਜਾਂ ਫਿਰ ਉਸਨੂੰ ਵਾਰਤਕ ਹੋਰ ਘੋਖ ਕੇ ਹਵਾਲਿਆਂ ਦਾ ਨਾਲ ਲਿਖਣਾ ਚਾਹੀਦਾ ਹੈ।
ਮੀਟਿੰਗ ਦੇ ਅਖੀਰੀ ਪੜਾਅ ਵਿੱਚ ਕਵੀਆਂ ਦਾ ਸੈਲਾਬ ਜੋ ਅੱਜਕੱਲ ਪੰਜਾਬ ਵਿੱਚ ਆਇਆ ਹੋਇਆ ਹੈ, ਉਸ ਉੱਪਰ ਵੀ ਦੋਹਰਫ਼ੀ ਗੱਲ-ਬਾਤ ਹੋਈ। ਇਹ ਇੱਕ ਪਾਸੇ ਤਾਂ ਫਿਕਰਮੰਦ ਰਿਵਾਜ਼ ਚੱਲ ਪਿਆ ਹੈ ਕਿ ਹਰ ਕੋਈ ਹੀ ਸ਼ਾਇਰੀ ਦਾ ਕਤਲ ਕਰ ਰਿਹਾ, ਪਰ ਇਹ ਪੰਜਾਬੀ ਸਾਹਿਤ ਦੇ ਮੁੜ ਸੁਰਜੀਤ ਹੋਣ ਦੀ ਵੀ ਨਿਸ਼ਾਨੀ ਹੈ। ਜਦ ਕਿਤਾਬਾਂ ਛਪਦੀਆਂ ਹਨ ਤਾਂ ਹੀ ਪ੍ਰਕਾਸ਼ਨ ਦੇ ਖਿੱਤੇ ਵਿੱਚ ਬਿਹਤਰੀ ਆਉਣ ਦੇ ਆਸਾਰ ਪੈਦਾ ਹੁੰਦੇ ਹਨ। ਅੱਗੇ ਹਰਮਨ ਦੇ ਲਿਖੇ ਗੀਤਾਂ ਨੂੰ ਸਲੌਂਹਦਿਆਂ ਕੁਝ ਸਾਥੀਆਂ ਨੇ ਇਹ ਗੱਲ ਤੋਰੀ ਕਿ ਕਿਵੇਂ ਹਰਮਨ ਦੇ ਗੀਤਕਾਰੀ ਵਿੱਚ ਪੈਰ ਰੱਖਣ ਨਾਲ, ਲਿਖਾਰੀਆਂ ਨੂੰ ਬਣਦੀ ਥਾਂ ਮਿਲੀ ਹੈ। ਉਹ ਸਾਹਿਤਕ ਰੰਗ ਗੀਤਕਾਰੀ ਵਿੱਚ ਲੈ ਕੇ ਆ ਰਿਹਾ ਹੈ ਜਿਸ ਨਾਲ ਉਮੀਦ ਹੈ ਕਿ ਪੰਜਾਬੀ ਗਾਇਕੀ ਜੋ ਸਾਡੇ ਸਭਿਆਚਾਰ ਨਾਲ ਇੱਕ-ਮਿੱਕ ਹੈ, ਵਿੱਚ ਕੁਝ ਸੁਧਾਰ ਹੋਣਗੇ।
ਜਾਂਦੇ ਜਾਂਦੇ ਹਰਮਨ ਬਾਰੇ ਏਨਾ ਕਿਹਾ ਜਾ ਸਕਦਾ ਹੈ ਕਿ ਉਹ ਸ਼ਾਤ ਪਾਣੀਆਂ ਦਾ ਮੱਲਾਹ ਹੈ। ਉਸ ਵਿੱਚ ਸਮਾਜਿਕ ਅਨਿਆਂ ਖਿਲਾਫ਼ ਕੋਈ ਵੀ ਵਿਰੋਧਾਭਾਸੀ ਭਾਵਨਾ ਨਹੀਂ ਨਜ਼ਰ ਆਉਂਦੀ। ਭੂਮਿਕਾ ਵਿੱਚ ਜਿੱਥੇ ਉਹ ਲਿਖਦਾ ਹੈ ਕਿ ਕਵੀਆਂ ਨੂੰ ਨਿੱਕੇ ਨਿੱਕੇ ਨਿਜੀ ਜਿਹੇ ਦੁੱਖਾਂ ਤੋਂ ਪਾਰ ਦੀ ਕਵਿਤਾ ਲਿਖਣੀ ਚਾਹੀਦੀ ਹੈ, ਬਹੁਤ ਸੋਹਣੀ ਗੱਲ ਹੈ। ਪਰ ਇਉਂ ਵੀ ਲੱਗਦਾ ਹੈ ਕਿ ਹਰਮਨ ਖੁਦ ਨਿਜੀ ਜਿਹੇ ਸੁੱਖਾਂ ਤੱਕ ਹੀ ਆਪਣੀ ਕਵਿਤਾ ਨੂੰ ਸੀਮਿਤ ਰੱਖਦਾ ਹੈ। ਆਧੁਨਿਕਤਾ ਅਤੇ ਪ੍ਰਾਚੀਨਤਾ ਦੇ ਵਿੱਚ ਵਿਚਾਲੇ ਫਸਿਆ ਸ਼ਬਦਾਂ ਦਾ ਸਿਪਾਹ ਸਿਲਾਰ!
Masaru Emoto ਬਾਰੇ ਹੋਰ ਜਾਣਕਾਰੀ ਲਈਃ
- https://www.nytimes.com/2005/03/13/books/review/inside-the-list.html
- https://en.wikipedia.org/wiki/Masaru_Emoto
Writer - Jashanpreet Kaur
She can be reached at Jashanp151@gmail.com
Instagram: Jashn151