Summary of Bookclub meeting on "Shahed Bhagat Singh atte ohna de saathian dian hath likhtan" by "Jagmohan Singh"

ਮੀਟਿੰਗ ਨੰਃ 14

“ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ”

ਸੰਪਾਦਕਃ ਪ੍ਰੌ ਜਗਮੋਹਨ ਸਿੰਘ 28 ਮਈ ਨੂੰ ਪ੍ਰੋ. ਜਗਮੋਹਨ ਸਿੰਘ ਦੀ ਸੰਪਾਦਕੀ ਦੀ ਕਿਤਾਬ “ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ” ਦੇ ਪਹਿਲੇ ਅੱਧ ਦੀ ਮੀਟਿੰਗ ਕੀਤੀ ਗਈ। ਸਾਂਝੀਆਂ ਹੋਈਆਂ ਗੱਲਾਂ ਦਾ ਸੰਖੇਪ ਵਿਸਥਾਰ ਸਾਂਝਾ ਕਰ ਰਹੇ ਹਾਂ। ਸ਼ੁਰੂਆਤ ਭਗਤ ਸਿੰਘ ਵੱਲੋਂ 15 ਸਾਲ ਦੀ ਉਮਰ ਵਿੱਚ ਕੀਤੇ ਭਾਸ਼ਾ ਅਤੇ ਲਿੱਪੀ ਦੇ ਅਧਿਐਨ ਦੀ ਚਰਚਾ ਨਾਲ ਕੀਤੀ ਗਈ। ਅੱਲੀ ਉਮਰ ਵਿੱਚ ਲਿਖੇ ਇਸ ਇਕੱਲੇ ਲੇਖ ਤੋਂ ਹੀ ਭਗਤ ਸਿੰਘ ਦੇ ਆਉਣ ਵਾਲੇ ਰੌਸ਼ਨ ਬੌਧਿਕ ਭਵਿੱਖ ਦਾ ਅੰਦਾਜ਼ਾ ਹੋ ਜਾਂਦਾ ਹੈ। ਉਹ ਹਿੰਦੀ, ਉਰਦੂ ਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਦਾ ਡੂੰਘਾ ਵਿਸ਼ਲੇਸ਼ਣ ਕਰਦਿਆਂ ਕਿਸੇ ਇੱਕ ਦੀ ਚੋਣ ਕਰਨਾ ਚਾਹੁੰਦੇ ਹਨ ਜੋ ਭਾਰਤ ਵਿੱਚ ਭਾਸ਼ਾਈ ਇੱਕਸਾਰਤਾ ਲਿਆ ਸਕੇ। ਇਸ ਲੇਖ ਵਿੱਚ ਉਹ ਉਸ ਸਮੇਂ ਦੀਆਂ ਮੁਸ਼ਕਿਲਾਂ ਦੀ ਗੱਲ ਕਰਦੇ ਹੋਏ ਅੱਜ ਸਾਡੇ ਤੋਂ ਖੁੱਸ ਰਹੀ ਪੰਜਾਬੀ ਭਾਸ਼ਾ ਦੀ ਚਿੰਤਾ ਨੂੰ ਵੀ ਮੁੜ ਉਜਾਗਰ ਕਰਦਿਆਂ ਸਾਨੂੰ ਇਸ ਵੱਲ ਬਹੁਪੱਖੀ ਨਜਰੀਆ ਰੱਖਣ ਲਈ ਪ੍ਰੇਰਿਤ ਕਰਦੇ ਹਨ। ਇਹ ਕਿਤਾਬ ਜਿੰਨੀ ਕੁ ਪੜ੍ਹ ਚੁੱਕੇ ਹਾਂ, ਉਹ ਹਿੱਸਾ ਭਗਤ ਸਿੰਘ ਦੇ ਬਚਪਨ ਦੇ ਪ੍ਰਰੇਣਾ-ਸਰੋਤ ਰਹੇ ਉਹਨਾਂ ਦੇ ਆਪਣੇ ਪਰਿਵਾਰਕ ਮੈਂਬਰ ਤੇ ਸਮਕਾਲੀ ਸ਼ਹੀਦਾਂ ਦੀ ਗੱਲ ਕਰਦਿਆਂ, ਉਹਨਾਂ ਦੀ ਰਹੱਸਮਈ ਸ਼ਖਸੀਅਤ ਨੂੰ ਸਾਫ਼ ਕਰਕੇ ਵਿਖਾਉਂਦਾ ਹੈ। ਸ਼ੁਰੂ ਤੋਂ ਉਹਨਾਂ ਨੂੰ ਪਰਿਵਾਰਕ ਮਹੌਲ ਹੀ ਐਸਾ ਮਿਲਿਆ ਜਿੱਥੇ ਦੇਸ਼ ਲਈ ਕੁਰਬਾਨ ਹੋਣਾ ਜਾਂ ਹੱਕ-ਸੱਚ ਦੀ ਲੜਾਈ ਨੂੰ ਤਰਜੀਹ ਦੇਣਾ ਆਦਰਸ਼ਕ ਜੀਵਨ- ਜਾਚ ਸੀ। ਜ਼ਾਹਰ ਜਿਹੀ ਗੱਲ ਹੈ ਕਿ ਇਸ ਤਰ੍ਹਾਂ ਦਾ ਮਹੌਲ ਉਹਨਾਂ ਦੀ ਮੁੱਢਲੀ ਸੋਚ ਦੀ ਘੜ੍ਹਤ ਵਿੱਚ ਕਾਫ਼ੀ ਕਾਰਗਾਰ ਸਾਬਤ ਹੋਇਆ ਹੋਵੇਗਾ। ਇਸ ਤੋਂ ਇਲਾਵਾ ਨੈਸ਼ਨਲ ਕਾਲਜ, ਲਾਹੌਰ ਵਿੱਚ ਵੀ ਸੰਗਤ ਐਸੀ ਮਿਲੀ ਜਿਸ ਨੇ ਉਹਨਾਂ ਨੂੰ ਵਿਸ਼ਵ ਸਾਹਿਤ ਅਤੇ ਅੰਤਰ-ਰਾਸ਼ਟਰੀ ਲਹਿਰਾਂ ਤੋਂ ਜਾਣੂ ਕਰਵਾਇਆ। ਉਹਨਾਂ ਲਈ ਦੇਸ਼ ਸੇਵਾ ਦਾ ਮੁੱਢ ਸਾਹਿਤ ਨੇ ਬੰਨਿਆ। ਇਸ ਵਿਸ਼ੇ ਉੱਤੇ ਵਿਚਾਰ ਕਰਦਿਆਂ ਮੈਂਬਰਾਂ ਨੇ ਇਹ ਫਿਕਰ ਜ਼ਾਹਿਰ ਕੀਤਾ ਕਿ ਭਗਤ ਸਿੰਘ ਦੀ ਪਿਸਤੌਲ ਵਾਲੀ ਫੋਟੋ ਤੋਂ ਵੱਧ ਹੱਥ ਚ’ ਕਿਤਾਬ ਵਾਲੀ ਫੋਟੋ ਦਾ ਪ੍ਰਚਲਨ ਕਿੰਨਾ ਅਹਿਮ ਹੈ। ਭਗਤ ਸਿੰਘ ਖੁਦ ਲਿਖਦੇ ਹਨ ਕਿ ਉਹ ਸ਼ੁਰੂਆਤੀ ਦੌਰ ਵਿੱਚ ਉਹਨਾਂ ਦੇ ਜ਼ਹਿਨ ਉੱਪਰ ਭਾਰੂ ਰਹੇ ਹਿੰਸਾ ਅਤੇ ਤਸ਼ੱਦਦ ਦੇ ਤੌਰ-ਤਰੀਕਿਆਂ ਤੋਂ ਉੱਪਰ ਉੱਠਕੇ ਗੰਭੀਰ ਵਿਚਾਰਧਾਰਾ ਨੂੰ ਜਿਆਦਾ ਤਰਜੀਹ ਦਿੰਦੇ ਹਨ। ਪਰ ਅਜੋਕੇ ਸਮੇਂ ਵਿੱਚ ਇਸ ਤੋਂ ਬਿਲਕੁਲ ਉਲਟਾ ਹੋ ਰਿਹਾ ਹੈ। ਦੇਸ਼ ਪਿਆਰ ਦੇ ਝੌਲੇ ਹੇਠ ਹਰ ਕਿਸੇ ਵੱਲੋਂ ਭਗਤ ਸਿੰਘ ਦੀ ਬਹੁਮੁੱਲੀ ਦੇਨ ਨੂੰ ਆਪਣੇ-ਆਪਣੇ ਉੱਲੂ ਸਿੱਧੇ ਕਰਨ ਲਈ ਵਰਤਿਆ ਜਾ ਰਿਹਾ ਹੈ ਜਿੱਥੇ ਉਹਨਾਂ ਨੂੰ 'ਹਿੰਸਕ' ਜ਼ਿਆਦਾ ਤੇ 'ਵਿਚਾਰਵਾਦੀ' ਘੱਟ ਦਿਖਾਇਆ ਜਾਂਦਾ ਹੈ। ਇਹ ਕਿਤਾਬ ਪੜ੍ਹਦਿਆਂ ਸ਼ਹੀਦ ਭਗਤ ਸਿੰਘ ਦੀ ਅਸਲੀ ਤਸਵੀਰ ਪਾਠਕਾਂ ਦੇ ਸਾਹਮਣੇ ਆਉਂਦੀ ਹੈ। ਚਰਚਾ ਵਿੱਚ ਭਗਤ ਸਿੰਘ ਦੇ ਨਾਸਤਿਕ ਹੋਣ ਉੱਤੇ ਵੀ ਵਿਚਾਰ ਸਾਂਝੇ ਕੀਤੇ ਗਏ। ਬਚਪਨ ਤੋਂ ਹੀ ਦਿੱਤੀ ਜਾਂਦੀ ਸਿਖਲਾਈ “ God is everything. Man is nothing” ਨੂੰ ਝੁਠਲਾਉਂਦਿਆਂ ਇੱਕ ਲੇਖ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਰੱਬ ਬਾਰੇ ਵਿਚਾਰ ਆਪੇ ਸਾਹਮਣੇ ਲੈ ਆਉਂਦਾ ਹੈ। ਪਰ ਮੈਂਬਰਾਂ ਨੇ ਚਰਚਾ ਕੀਤੀ ਕਿ ਕਿਵੇਂ ਵਿਸ਼ਵ ਸਹਿਤ ਪੜ੍ਹਨ ਤੋਂ ਬਾਅਦ ਆਪਣੇ ਛੋਟੇ ਜਿਹੇ ਜੀਵਨ ਦੇ ਅੰਤਲੇ ਦੌਰ ਵਿੱਚ ਹੀ ਭਗਤ ਸਿੰਘ ਨੇ ਇਹ ਨਿਚੋੜ ਕੱਢਿਆ ਕਿ ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਪਹਿਲਾਂ ਵਾਲੀਆਂ ਲਿਖਤਾਂ ਵਿੱਚ ਉਹ ਇਸ ਤਰ੍ਹਾਂ ਅਕਸਰ ਲਿਖਦੇ ਹਨ ਕਿ “ਅਰਦਾਸ ਕਬੂਲ ਹੋਵੇ” ਜਾਂ “ਜਿਵੇਂ ਰੱਬ ਚਾਹੇ”। ਸੋ ਇਹ ਗੱਲ ਹੋਣੀ ਜ਼ਰੂਰੀ ਹੈ ਕਿ ਭਗਤ ਸਿੰਘ ਸ਼ੁਰੂ ਤੋਂ ਨਾਸਤਕ ਨਹੀਂ ਸਨ। ਡੂੰਘੇ ਅਧਿਐਨ ਪਿੱਛੋਂ ਆਸਤਿਕ ਤੋਂ ਨਾਸਤਿਕ ਹੋਣਾ ਉਹਨਾਂ ਦੀ ਨਵੀਂ ਵਿਚਾਰਧਾਰਾ ਨੂੰ ਰਾਹ ਦੇਣ ਦੀ ਹਿੰਮਤ ਦਾ ਸਬੂਤ ਹੈ। ਅਖੀਰ ਵਿੱਚ ਕਿਤਾਬ ਵਿਚਲੇ ਹਿੰਦੀ ਅਤੇ ਉਰਦੂ ਲੇਖਾਂ ਦੇ ਪੰਜਾਬੀ ਅਨੁਵਾਦ ਦੀਆਂ ਕਮੀਆਂ ਕੁਝ ਪਾਠਕਾਂ ਨੇ ਸਾਹਮਣੇ ਲਿਆਂਦੀਆਂ ਕਿ ਕਿਵੇਂ ਕੁਝ ਥਾਵਾਂ ਤੇ ਇਕ ਵਾਕ ਦਾ ਸਹੀ ਅਰਥ ਵੀ ਅੰਦਾਜ਼ੇ ਦੇ ਸਹਾਰੇ ਹੀ ਸਮਝਣਾ ਪੈਂਦਾ ਹੈ ਕਿਉਂਕਿ ਇਸਦੀ ਬਹੁਤ ਬੁਰੀ ਤਰਜ਼ਮਾਨੀ ਕੀਤੀ ਗਈ ਹੈ। ਜਿਵੇਂ ਉਦਾਹਰਣ ਵਜੋਂ ਲੇਖ ਅੰਕ 48 ਵਿੱਚੋਂ ਇਹ ਹੇਠਲਾ ਵਾਕ ਹੀ ਲੈ ਲਵੋ, “ ਏ ਕਾਲ ਟੂ ਐਕਸ਼ਨ (A call to action) ਇਸ ਵਿੱਚ ਮੌਜੂਦਾ ਹਾਲਾਤ ਕੋ ਇਕਤਸਾਦੀ ਨੁਕਤਾ ਨਿਗ੍ਹਾ ਸੇ ਬਿਆਨ ਕੀਆ ਗਿਆ ਹੈ ਤੇ ਸਾਬਤ ਕੀਤਾ ਗਿਆ ਹੈ ਕਿ ਮੌਜੂਦਾ ਲੀਡਰ ਮੁਲਕ ਕੋ ਨਿਜਾਤ ਨਹੀਂ ਪੁਜਾ ਸਕਦੇ” ਇੱਕ ਵਾਕ ਵਿੱਚ ਭਾਸ਼ਾਵਾਂ ਦੇ ਖੁੱਲੇ ਗੱਫੇ਼ ਵਰਤਾਏ ਹਨ। ਸੰਪਾਦਕ ਦੇ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਹੋ ਕੇ ਵੀ ਅਨੁਵਾਦ ਸੰਬੰਧੀ ਏਨੀ ਅਣਗਹਿਲੀ ਵਖਾਉਣਾ ਉਹਨਾਂ ਦੀ ਊਣੀ ਸਾਹਿਤਕ ਪਰਿਪੱਕਤਾ ਦਾ ਇਸ਼ਾਰਾ ਦਿੰਦਾ ਹੈ। ਅਜੇ ਅੱਧੀ ਹੀ ਕਿਤਾਬ ਪੜ੍ਹੀ ਗਈ ਹੈ ਜਿਸਦੀ ਚਰਚਾ ਤੋਂ ਉਪਰੋਕਤ ਨਿਚੋੜ ਕੱਢਿਆ ਜਾ ਸਕਦਾ ਹੈ। ਭਗਤ ਸਿੰਘ ਹਰ ਚੀਜ਼ ਦਾ ਵਿਅਕਤੀਗਤ ਅਧਿਐਨ ਕਰਨ ਵਿੱਚ ਯਕੀਨ ਰੱਖਦੇ ਸਨ ਤਾਂ ਕਿ ਉਹ ਹਰ ਗੱਲ ਦਾ ਦਲੀਲ ਨਾਲ ਉੱਤਰ ਦੇ ਸਕਣ। ਏਸੇ ਹੀ ਮਿਹਨਤ ਉੱਪਰ ਆਧਾਰਿਤ ਉਹਨਾਂ ਦੀ ਵਿਚਾਰਧਾਰਾ ਸਾਡੇ ਲਈ ਇੱਕ ਵੱਡਮੁੱਲਾ ਖਜ਼ਨਾ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਆਪਾਂ ਨੂੰ ਭਗਤ ਸਿੰਘ ਦੀ ਸੋਚ ਨੁੰ ਸਮਝਣ ਲਈ ਉਹਨਾਂ ਦਾ ਲਿਖਿਆ ਅਤੇ ਉਹਨਾਂ ਵੱਲੋਂ ਪੜ੍ਹਿਆ ਗਿਆ ਬਹੁਤ ਸਾਰਾ ਚੰਗਾ ਸਹਿਤ ਪੜ੍ਹਨਾ ਪਵੇਗਾ। ਫਿਰ ਹੀ ਅਸੀਂ ਉਹਨਾਂ ਦੇ ਵਿਚਾਰਾਂ ਦਾ ਯੋਗ ਅਧਿਐਨ ਕਰਨ ਲਾਇਕ ਹੋ ਸਕਾਂਗੇ। 

Writer - Jashanpreet Kaur

She can be reached at Jashanp151@gmail.com

Instagram: Jashn151


Older Post Newer Post