ਮੀਟਿੰਗ 21: “ਕਾਲ ਪਹਿਰ ਘੜੀਆਂ”
ਲੇਖਕਃ ਵਨੀਤਾ
ਅੱਜ ਦੀ ਮੀਟਿੰਗ ਮੈਂਬਰਾਂ ਨੇ ਲੇਖਿਕਾ ਵਨੀਤਾ ਦੇ ਲਿਖੇ ਹੋਏ ਆਪਣੇ ਤੁਆਰਫ਼ ਬਾਰੇ ਗੱਲ-ਬਾਤ ਨਾਲ ਕੀਤੀ। ਵਨੀਤਾ ਲਿਖਦੇ ਹਨ ਕਿ 1984 ਵਿੱਚ ਆਪਣੀ ਪਹਿਲੀ ਕਿਤਾਬ “ ਸੁਪਨਿਆਂ ਦੀ ਪਗਡੰਡੀ” ਤੋਂ ਲੈ ਕੇ ਹੁਣ ਤੱਕ 50 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ। ਇਹਨਾਂ ਵਿੱਚ ਉਹਨਾਂ ਵੱਲੋਂ ਕੀਤੇ ਅਨੁਵਾਦ ਅਤੇ ਸੰਪਾਦਕੀ ਪੁਸਤਕਾਂ ਵੀ ਸ਼ਾਮਲ ਹਨ। ਉਹ ਕਈ ਭਾਸ਼ਾਵਾਂ ਵਿੱਚ ਤਰਜਮਾ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਪਲ ਕਵਿਤਾ ਨੂੰ ਸੋਚਦੇ ਵਿਚਾਰਦੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਆਸ-ਪਾਸ ਦੇ ਸਾਧਾਰਨ ਤੱਤਾਂ ਵਿਚਲਾ ਕੁਦਰਤੀ ਕਾਵਿਕ ਰੰਗ ਮੋਹਿਤ ਕਰਦਾ ਹੈ। ਉਹਨਾਂ ਦੀ ਲਿਖਤ ਵਿੱਚ ਵੀ ਜ਼ਿਆਦਾਤਰ ਇਹਨਾਂ ਸਾਧਾਰਨ ਚੀਜ਼ਾਂ/ ਤੱਤਾਂ ਦਾ ਹੀ ਜ਼ਿਕਰ ਹੈ।
ਕਵਿਤਾਵਾਂ ਵਿੱਚ ਅਜੋਕੇ ਸਮਾਜ ਵਿੱਚ ਆਧੁਨਿਕਤਾ ਅਤੇ ਸਨਾਤਨ ਦੇ ਵਿੱਚ ਵਿਚਾਲੇ ਵਿੱਚਰਦੀ ਹੋਂਦ ਦੀ ਗੱਲ ਹੈ। ਜਿੱਥੇ ਕਵਿਤਾ “ਚਰਖੇ ਦੀ ਹੁਣ ਲੋੜ ਨਾ ਬੁੱਲਿਆ” ਵਿੱਚ ਹੁਣ ਬਾਬੇ ਬੁੱਲੇ ਦੀ ਲੋੜ ਨਹੀਂ ਰਹੀ ਕਿਉਂਕਿ ਕੋਈ “ਝੱਲ ਵਲੱਲੀ” ਨਹੀਂ ਹੈ ਉਸਦੀਆਂ ਨਸੀਹਤਾਂ ਸੁਨਣ ਵਾਲੀ। ਇਸ ਸਾਰੀ ਕਵਿਤਾ ਵਿੱਚ ਕਵਿੱਤਰੀ ਗੁਜ਼ਰ ਗਏ ਸਮਿਆਂ ਨੂੰ ਮੋਹ ਭਰੀ ਭਾਵੁਕਤਾ ਨਾਲ ਵੇਖਦੀ ਹੈ ਅਤੇ ਅਜੋਕੇ ਸਮਾਜ ਨੂੰ ਲੀਹੋਂ ਲੱਥੀ ਗੱਡੀ ਸਮਝਦੀ ਹੈ ਕਿਉਂਕਿ ਕਿਸੇ ਵਿੱਚ ਨਸੀਹਤਾਂ ਸੁਨਣ ਦੀ ਸਹਿਣਸ਼ਕਤੀ ਨਹੀਂ ਰਹੀ। ਇਸਦੇ ਉਲਟ ਕਵਿਤਾ “ਸੋਝੀ“ ਵਿੱਚ ਏਸੇ ਬਦਲਾਅ ਨੂੰ ਇੱਕ ਔਰਤ ਦੇ ਪੱਖ ਤੋਂ ਸਵਾਗਤੀ ਨਜ਼ਰੀਏ ਤੋਂ ਵੇਖਿਆ ਗਿਆ ਹੈ ਕਿਉਂਕਿ ਬਦਲਦੇ ਸਮੇਂ ਦੀ ਨੁਹਾਰ ਨੇ ਉਸਨੂੰ ਸਵੈ-ਮਾਣ ਅਤੇ ਵਿਸ਼ਵਾਸ ਦਾ ਤੋਹਫ਼ਾ ਦਿੱਤਾ ਹੈ। ਹੋਰ ਕਵਿਤਾਵਾਂ ਜਿਵੇਂ “ ਅਜਕੱਲ”ਆਦਿ ਵਿੱਚ ਇਹੀ ਭਾਵ ਭਰਪੂਰ ਹੈ ਕਿ ਅਗਲੀਆਂ ਪਿਛਲੀਆਂ ਪੀੜ੍ਹੀਆਂ ਵਿੱਚ ਕੇਵਲ ਬਦਲਾਅ ਦੀ ਹੀ ਇੱਕਸਾਰਤਾ ਹੁੰਦੀ ਹੈ।
ਬਹੁਤ ਸਾਰੀਆਂ ਕਵਿਤਾਵਾਂ ਕਵਿਤਾ ਲਿਖਣ ਅਤੇ ਕਵਿਤਾ ਹੰਡਾਉਣ ਦੇ ਫਰਕ ਬਾਰੇ ਹਨ। ਪਹਿਲੀ ਕਵਿਤਾ ਤੋਂ ਹੀ ਕਿਤਾਬ ਦੀ ਇਸ ਤਰ੍ਹਾਂ ਦੀ ਨੁਹਾਰ ਬੰਨ੍ਹ ਦਿੱਤੀ ਜਾਂਦੀ ਹੈ। ਅੱਗੇ “ਕਵਿਤਾ-2” ਵੀ ਇਸੇ ਤਰ੍ਹਾਂ ਦਾ ਭਾਵ ਵਿਅਕਤ ਕਰਦੀ ਹੈ, “ ਮੈਂ ਕਵਿਤਾ ਕੀ ਲਿਖਣ ਲੱਗੀ ਕਵਿਤਾ ਨੇ ਮੇਰੇ ਹੱਥ ਰੋਕ ਲਏ ਉਸ ਆਖਿਆ ਜ਼ਿੰਦਗੀ ਲਿਖੀ ਨਹੀਂ ਜਾਂਦੀ ਜੀਵੀ ਜਾਂਦੀ ਹੈ।” ਏਥੇ ਮੈਂਬਰਾਂ ਨੇ ਜ਼ਰਾ ਕੁ ਨਾਰਾਜ਼ਗੀ ਜ਼ਾਹਰ ਕੀਤੀ ਕਿ ਕਵਿੱਤਰੀ ਦੀ ਕਾਵਿ ਸੀਮਾ ਦਾ ਘੇਰਾ ਅਜੇ ਬਹੁਤਾ ਵਿਸ਼ਾਲ ਨਹੀਂ ਹੋਇਆ ਲੱਗਦਾ। ਇਸ ਬਾਰੇ ਵੀ ਗੱਲ ਹੋਈ ਕਿ ਬਹੁਤੇ ਪੰਜਾਬੀ ਸਾਹਿਤਕ ਰਚਨਾਕਾਰ ਕਿਤਾਬਾਂ ਛਾਪਦੇ-ਛਾਪਦੇ ਹੀ ਲਿਖਣਾ ਸਿੱਖਦੇ ਹਨ!
ਅੱਗੇ ਵਧਦਿਆਂ ਮੀਟਿੰਗ ਚ’ ਸ਼ਾਮਿਲ ਪਾਠਕਾਂ ਨੇ ਲੇਖਿਕਾ ਦੀ ਸਿਫਤ ਕਰਦਿਆਂ ਹੋਇਆਂ ਚਰਚਾ ਕੀਤੀ ਕਿ ਕਵਿਤਾਵਾਂ ਚਾਹੇ ਸਾਧਾਰਨ ਹਨ ਪਰ ਇਹ ਕਰਤਾ ਦੀ ਬੌਧਿਕ ਮੌਲਿਕਤਾ ਦਾ ਹਵਾਲਾ ਹਨ। ਜੋ ਬਿੰਬ ਚੁਣੇ ਗਏ ਹਨ, ਉਹ ਭਾਵੇਂ ਪਹਿਲਾਂ ਬਥੇਰੇ ਵਰਤੇ ਜਾ ਚੁੱਕੇ ਹਨ ਪਰ ਵਨੀਤਾ ਨੇ ਉਹਨਾਂ ਬਿੰਬ/ਨਿਸ਼ਾਨ/ਆਕਾਰਾਂ ਨੂੰ ਆਪਣੇ ਢੰਗ ਨਾਲ ਰੂਪਮਾਨ ਕੀਤਾ ਹੈ। ਏਥੇ ਇਹ ਵੀ ਜ਼ਿਕਰਯੋਗ ਹੈ ਕਿ ਦੋ ਕਵਿਤਾਵਾਂ ਵਿੱਚ ਜ਼ਰੂਰ ਕਵਿਤਾ ਘੜ੍ਹਨ ਦੇ ਮੰਤਵ ਪੂਰਾ ਕਰਨ ਲਈ ਸ਼ਿਵ ਨੂੰ ਆਵਾਜ਼ ਦੇ ਕੇ ਲਾਗੇ ਬਿਠਾਇਆ ਗਿਆ ਹੈ! “ਅਲੋਕਾਰ” ਵਿੱਚ ਪੀੜਾਂ ਦਾ ਪਰਾਗਾ ਅਤੇ “ ਤੂੰ ਮੈਨੂੰ ਪਿਆਰ ਨਾ ਕਰੀਂ” ਵਿੱਚ ਜੋਬਨ ਰੁੱਤੇ ਮਰਨ ਨੂੰ ਵੰਗਾਰ ਦਿੰਦਿਆਂ ਇਹਨਾਂ ਹੀ ਅਲੰਕਾਰਾਂ ਤੋਂ ਕਵਿਤਾਵਾਂ ਸਿਰਜੀਆਂ ਗਈਆਂ ਹਨ।
ਕੁਝ ਕਵਿਤਾਵਾਂ ਜਿੱਥੇ ਬਿਨਾ ਲੋੜ ਸ਼ਾਬਦਿਕ ਅਤੇ ਅਰਥ ਦੇ ਦੁਹਰਾਅ ਨਾਲ ਲੰਮੀਆਂ ਖਿੱਚੀਆਂ ਗਈਆਂ ਹਨ, ਉੱਥੇ ਹੀ ਕੁਝ ਇੰਨੀਆਂ ਸੰਖੇਪ ਹਨ ਕਿ ਉਹ ਅਧੂਰੀਆਂ ਲੱਗਦੀਆਂ ਹਨ। ਉਦਾਹਰਣ ਲਈ ਕਵਿਤਾ “ ਟੀਵੀ” ਅਤੇ “ ਹੋਣੀ ਅਨਹੋਣੀ” ਦੀ ਤੁਲਨਾ ਕੀਤੀ ਜਾ ਸਕਦੀ ਹੈ। ਪਹਿਲੀ ਕਵਿਤਾ ਨੂੰ ਦੋ ਹਰਫ਼ਾਂ ਵਿੱਚ ਮੁਕਾ ਦਿੱਤਾ ਹੈ ਜਦਕਿ ਦੂਜੀ ਵਿੱਚ ਇੱਕ ਹੀ ਗੱਲ ਦਾ ਏਨਾ ਦੁਹਰਾਅ ਹੈ ਕਿ ਗੱਲ ਬੇਮਤਲਬ ਹੋ ਜਾਂਦੀ ਹੈ।
ਅੰਤ ਵਿੱਚ ਕਹਿਣ ਨੂੰ ਏਨਾ ਹੀ ਹੈ ਕਿ ਆਪਣੇ ਲਿਖਣ ਵਾਂਗੂੰ ਲੇਖਿਕਾ ਦੀ “ਸੱਜਰੀ ਅੱਖ ਦਾ ਸੱਜਰਾ ਬਿੰਬ” ਜੇ ਪਾਠਕਾਂ ਤੱਕ ਪਹੁੰਚਦਾ ਵੀ ਹੈ ਤਾਂ ਕੋਈ ਡੂੰਘੀ ਛਾਪ ਨਹੀਂ ਛੱਡ ਕੇ ਜਾਂਦਾ।
Writer - Jashanpreet Kaur
She can be reached at Jashanp151@gmail.com
Instagram: Jashn151