ਮੀਟਿੰਗ ਨੰਃ 16
ਮੜ੍ਹੀ ਦਾ ਦੀਵਾ “ਗੁਰਦਿਆਲ ਸਿੰਘ”
ਇਸ ਮੀਟਿੰਗ ਦੀ ਸ਼ੁਰੂਆਤ ਗੁਰਦਿਆਲ ਸਿੰਘ ਦੇ ਸਾਹਿਤਕ ਸਫਰ ਉੱਤੇ ਸੰਖੇਪ ਝਾਕੀ ਨਾਲ ਕੀਤੀ ਗਈ। ਗੁਰਦਿਆਲ ਸਿੰਘ ਦੀ ਇਹ ਸ਼ਾਹਕਾਰ ਰਚਨਾ ਤਕਰੀਬਨ ਚੌਥੀ ਵਾਰ ਸੋਧੇ ਜਾਣ ਬਾਅਦ 1964 'ਚ ਆਪਣੇ ਅੰਤਲੇ ਸਰੂਪ ਵਿੱਚ ਪਾਠਕਾਂ ਨੂੰ ਪੇਸ਼ ਕੀਤੀ ਗਈ। ਗੁਰਦਿਆਲ ਸਿੰਘ ਨੂੰ ਆਪਣੀਆਂ ਰਚਨਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣੀ ਨਾਵਲ “ਅੱਧ ਚਾਨਣੀ ਰਾਤ” ਲਈ ਉਹਨਾਂ ਨੂੰ 1975 ਵਿੱਚ ਸਾਹਿਤ ਅਕਾਦਮੀ ਐਵਾਰਡ ਨਿਵਾਜਿਆ ਗਿਆ।
“ਮੜ੍ਹੀ ਦਾ ਦੀਵਾ” ਨੂੰ ਪੰਜਾਬ ਵਿੱਚ ਜਾਤ-ਪਾਤ ਦੇ ਗੁੰਝਲਦਾਰ ਵਖਰੇਵੇਂ ਦੇ ਇੱਕ ਵੱਡੇ ਉਦਾਹਰਣ ਵਜੋਂ ਪੜ੍ਹਿਆ ਜਾ ਸਕਦਾ ਹੈ। ਇਸ ਵਿੱਚ ਜਾਤੀ ਵਖਰੇਵੇਂ ਨੇ ਜਗੀਰਦਾਰ ਅਤੇ ਮਜ਼ਦੂਰ ਨੂੰ ਆਪਣੀ-ਆਪਣੀ ਮਿੱਥੀ ਥਾਂ ਦਿੱਤੀ ਹੋਈ ਹੈ। ਇਸ ਕਾਣੀ ਵੰਡ ਵਿੱਚ ਮਜ਼ਦੂਰ ਆਪਣੇ ਖੂਨ -ਪਸੀਨੇ ਦੀ ਮੁਸ਼ੱਕਤ ਨਾਲ ਜਗੀਰਦਾਰ ਦੀ ਚਾਕਰੀ ਕਰਦਾ ਹੈ। ਫੇਰ ਏਸ ਸਮਾਜਿਕ ਢਾਂਚੇ ਵਿੱਚ ਉਚੀ-ਨੀਵੀਂ ਜਾਤ ਦੀਆਂ ਅਮਾਨਵ ਰੀਤਾਂ ਨੂੰ ਰਲਾ ਕੇ ਐਸਾ ਪ੍ਰਬੰਧ ਤਿਆਰ ਕੀਤਾ ਗਿਆ ਹੈ ਜੋ ਗਰੀਬ ਦੇ ਸਿਰ ਤੇ ਅਮੀਰ ਦੀ ਸਹੂਲੀਅਤ ਲਈ ਕੰਮ ਕਰਦਾ ਹੈ । ਉੱਚ ਜਾਤੀ ਅਮੀਰ ਤੇ ਨੀਵੀਂਆਂ ਮੰਨੀਆਂ ਜਾਣ ਵਾਲੀਆਂ ਜਾਤੀਆਂ ਦੇ ਗਰੀਬ ਪੀੜ੍ਹੀ ਦਰ ਪੀੜ੍ਹੀ ਆਪਣੇ ਦਸਤੂਰੀ ਰੋਲ ਨਿਭਾਉਂਦੇ ਰਹਿੰਦੇ ਹਨ ਤੇ ਇਹਨਾਂ ਨੂੰ ਕੋਈ ਚਾਹ ਕੇ ਵੀ ਬਦਲ ਨਹੀਂ ਸਕਦਾ। ਸਰਮਾਏਦਾਰੀ ਦੇ ਬਾਸ਼ਿੰਦੇ ਕੋਈ ਬਦਲਾਅ ਨਹੀਂ ਸਹਿ ਸਕਦੇ ਕਿਉਂਕਿ ਸਭ ਕੁਝ ਉਹਨਾਂ ਵੱਲ ਦਾ ਬਣਾਇਆ ਗਿਆ ਹੈ। ਜਗੀਰਦਾਰ ਲਈ ਕੰਮ ਕਰਦੇ ਮਜ਼ਦੂਰ ਦੇ ਮਨ ਵਿੱਚ ਰੱਬ, ਪੁਨਰਜਨਮ ਜਿਹੇ ਡਰ ਪੈਦਾ ਕਰਕੇ ਇਸ ਇੰਤਜ਼ਾਮ ਦੇ ਚਲਦੇ ਰਹਿਣ ਦੀ ਸੁਵਿਧਾ ਮਾਨੀ ਜਾਂਦੀ ਹੈ। ਜੇ ਇਸ ਸਾਹ ਘੁਟਵੇਂ ਸਮਾਜਿਕ ਢਾਂਚੇ ਵਿੱਚ ਕੋਈ ਜ਼ਰਾ ਜਿੰਨਾ ਵੀ ਬਦਲਾਅ ਲਿਆਉਣਾ ਚਾਹੇ, ਭਾਂਵੇ ਉਹ ਧਰਮ ਸਿੰਘ ਜਾਂ ਉਸਦੇ ਪਿਤਾ ਵਾਂਗੂੰ ਖੁਦ ਉੱਚ ਜਾਤੀ ਦਾ ਹੋਵੇ ਅਤੇ ਸਿਰਫ਼ ਇਨਸਾਨੀਅਤ ਦੇ ਤੌਰ ਤੇ ਹੀ ਇਹ ਕਰ ਰਿਹਾ ਹੋਵੇ, ਉਸਨੂੰ ਇਸ ਢਾਂਚੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਏਸੇ ਹੀ ਅਝੁੱਕ ਸਮਾਜਿਕ ਪ੍ਰਣਾਲੀ ਤੇ ਆਧਾਰਿਤ ਹੈ ਇਹ ਨਾਵਲ।
ਮੀਟਿੰਗ ਨੂੰ ਅੱਗੇ ਵਧਾਉਂਦਿਆਂ ਨਾਵਲ ਦੇ ਪਾਤਰਾਂ ਬਾਰੇ ਗੱਲ ਹੋਈ। ਜਗਸੀਰ ਇਸਦਾ ਕੇਂਦਰੀ ਪਾਤਰ ਹੈ ਪਰ ਉਸ ਵਿੱਚ ਨਾਇਕ ਕਹਾਉਣ ਵਾਲੇ ਸਾਰੇ ਗੁਣ ਨਹੀਂ ਮਿਲਦੇ। ਏਥੋਂ ਤੱਕ ਕਿ ਕੁਝ ਆਲੋਚਕ ਜਗਸੀਰ ਨੂੰ ਕਮਜ਼ੋਰ ਕਹਿ ਕੇ ਨਕਾਰਦੇ ਹਨ ਕਿ ਉਹ ਕਦੇ ਆਵਾਜ਼ ਨਹੀਂ ਉਠਾ ਸਕਿਆ। ਏਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਅੱਜ ਦੀ ਮੀਟਿੰਗ ਵਿੱਚ ਮੈਂਬਰਾਂ ਨੇ ਉਸਦੇ ਸੁਭਾਅ ਵਿਚਲੇ ਸਿਦਕ ਦੀ ਵੀ ਗੱਲ ਕੀਤੀ ਜੋ ਉਸਨੂੰ ਸਮਾਜ ਦੇ ਮਿੱਥੇ ਸਹੀ ਰਸਤੇ ਤੋਂ ਨਾ ਭਟਕਣ ਲਈ ਪ੍ਰਰਿਤ ਰੱਖਦਾ ਹੈ। ਜਗਸੀਰ ਨਾਲ ਜੋ ਵੀ ਘਟਨਾਵਾਂ ਵਾਪਰਦੀਆਂ ਹਨ, ਉਹ ਉਹਨਾਂ ਦਾ ਸਾਹਮਣਾ ਏਸੇ ਹੀ ਸੂਖਮ ਹੌਸਲੇ ਨਾਲ ਕਰਦਾ ਹੈ। ਉਸ ਵੱਲੋਂ ਸਭ ਬੰਧਨ ਤੋੜ ਕੇ ਆਪਣੀ ਮਨਵਾ ਲੈਣ ਦੀ ਕੋਈ ਇੱਛਾ ਜਾਹਿਰ ਨਹੀਂ ਕੀਤੀ ਜਾਂਦੀ। ਇਉਂ ਮਹਿਸੂਸ ਹੁੰਦਾ ਹੈ ਕਿ ਉਸਨੂੰ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਣ ਦੀ ਸਾਰੀ ਉਮਰ ਕੋਈ ਲੋੜ ਵੀ ਮਹਿਸੂਸ ਨਹੀਂ ਹੁੰਦੀ। ਜਗਸੀਰ ਦੇ ਪਾਤਰ ਦੀ ਘੜ੍ਹਤ ਇੱਕ ਸਾਧਾਰਨ ਆਦਮੀ ਵਜੋਂ ਕੀਤੀ ਗਈ ਹੈ। ਅਸਲ ਜ਼ਿੰਦਗੀ ਵਿੱਚ ਹਰ ਸਾਧਾਰਨ ਆਦਮੀ ਆਪਣੇ ਨਾਲ ਹੁੰਦੀ ਹਰ ਵਧੀਕੀ ਖਿਲਾਫ਼ ਹਾਅ ਦਾ ਨਾਅਰਾ ਨਹੀਂ ਮਾਰਦਾ। ਗੁਰਦਿਆਲ ਸਿੰਘ ਵੱਲੋਂ ਸਾਰੀ ਨਾਵਲ ਵਿੱਚ ਪਾਤਰ ਦੇ ਇਸ ਸੁਭਾਅ ਦੀ ਲਗਾਤਾਰਤਾ ਉਭਾਰ ਕੇ ਲਿਆਉਣੀ ਕਾਬਿਲ-ਏ-ਤਾਰੀਫ਼ ਹੈ।
ਇਸੇ ਤਰ੍ਹਾਂ ਇੱਕ ਹੋਰ ਪਾਤਰ ਜਿਸਦੀ ਹਾਲਾਤਾਂ ਪ੍ਰਤੀ ਕਮਜ਼ੋਰੀ ਨਾਵਲ ਵਿੱਚ ਉਜਾਗਰ ਹੁੰਦੀ ਹੈ, ਉਹ ਧਰਮ ਸਿੰਘ ਹੈ। ਧਰਮ ਸਿੰਘ ਨੇ ਜਗਸੀਰ ਦੀ ਸਹੂਲਤ ਲਈ ਕੁਝ ਵੀ ਨਵਾਂ ਨਹੀਂ ਕੀਤਾ ਪਰ ਜੋ ਉਸਦੇ ਬਾਪ ਵੱਲੋਂ ਜਗਸੀਰ ਦੇ ਪਰਿਵਾਰ ਨੂੰ ਦਿੱਤਾ ਗਿਆ ਹੈ, ਉਹ ਉਸਦੀ ਰਾਖੀ ਵੀ ਨਹੀਂ ਕਰ ਸਕਿਆ। ਜਦ ਹੀ ਜਗਸੀਰ ਵਾਲੀ ਪੈਲੀ ਬਾਰੇ ਸਵਾਲ ਉੱਠਦੇ ਹਨ, ਉਹ ਜਗਸੀਰ ਨਾਲ ਖੜ੍ਹਣ ਦੀ ਬਜਾਏ ਘਰ ਛੱਡ ਕੇ ਚਲਾ ਜਾਂਦਾ ਹੈ। ਫਿਰ ਭਾਨੀ ਵੀ ਆਪਣੇ ਦਿਲ ਦੀ ਗੱਲ ਖੁੱਲੇਆਮ ਜੱਗ-ਜਾਹਿਰ ਕਰ ਦੇਣ ਦੀ ਬਜਾਏ, ਹਾਲਾਤ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਦੀ ਹੈ। ਉਸਦਾ ਜਗਸੀਰ ਵੱਲ ਝੁਕਾਅ ਆਮ ਪੇੰਡੂ ਪੰਜਾਬੀ ਔਰਤਾਂ ਵਾਂਗੂੰ ਜਾਂ ਤੇ ਗੱਲ ਵਿਚਲੀ ਗੱਲ ਬਣ ਕੇ ਬਾਹਰ ਆਉਂਦਾ ਹੈ ਤੇ ਜਾਂ ਵਿਆਹ ਦੇ ਮਹੌਲ ਵਿੱਚ ਢਿੱਲੇ ਹੋਏ ਸਮਾਜੀ ਬੰਧਨਾਂ ਦਾ ਫਾਇਦਾ ਉਠਾਉਂਦਿਆਂ ਝਾਕੀ ਦੇ ਜਾਂਦਾ ਹੈ।
ਨਾਵਲ ਦੇ ਵਿਸ਼ਾ ਵਸਤੂ ਵੱਲ ਮੀਟਿੰਗ ਦਾ ਰੁੱਖ ਮੋੜਦਿਆਂ ਪਿੰਡਾਂ ਦੇ ਬਣਤਰੀ ਢਾਂਚੇ ਵਿੱਚ ਜਾਤ-ਪਾਤ ਤੋਂ ਉੱਠਦੇ ਅਮਾਨਵ ਰੀਤੀ ਰਿਵਾਜਾਂ ਦੀ ਚਰਚਾ ਕੀਤੀ ਗਈ। ਨਾਵਲ ਪੜ੍ਹਦਿਆਂ ਇਹ ਜ਼ਾਹਿਰ ਹੁੰਦਾ ਹੈ ਕਿ ਉੱਚੀਆਂ ਮੰਨੀਆਂ ਜਾਂਦੀਆਂ ਜਾਤਾਂ ਨੀਵੀੰਆਂ ਜਾਤਾਂ ਨੂੰ ਆਪਣੀ ਲੋੜ ਲਈ ਵਰਤਦੀਆਂ/ ਵਿਸਾਰ ਦਿੰਦੀਆਂ ਹਨ। ਨਾਵਲ ਵਿੱਚ ਕਈ ਥਾਵਾਂ ਤੇ ਜਗਸੀਰ ਦੇ ਪਿਤਾ ਅਤੇ ਧਰਮ ਸਿੰਘ ਦਾ ਇੱਕ ਭਾਂਡਾ ਹੋਣ ਨੂੰ ਅਜੂਬੇ ਵਜੋਂ ਦਰਸਾਇਆ ਜਾਂਦਾ ਹੈ। ਜਗਸੀਰ ਤੇ ਉਸਦੇ ਮਿੱਤਰ ਸਭ ਰਲੀਆਂ ਮਿਲੀਆਂ ਜਾਤਾਂ ਵਿੱਚੋਂ ਹਨ ਤੇ ਸਭ ਆਪਸ ਵਿੱਚ ਅਜਿਹੇ ਵਿਚਾਰਾਂ ਦਾ ਚੱਲਣ ਰੱਖਦੇ ਹਨ। ਰੌਣਕੀ ਜਗਸੀਰ ਨੂੰ ਆਪਣੇ ਘਰ ਆਏ ਤੋਂ ਵਰਤੇ ਭਾਂਡਿਆਂ ਨੂੰ ਸੁਆਹ ਨਾਲ ਨਹੀਂ ਧੋਣ ਦਿੰਦਾ ਕਿਉਂਕਿ ਉਸ ਮੁਤਾਬਿਕ ਇਹ ਉੱਚੀਆਂ ਜਾਤਾਂ ਦੇ ਰਿਵਾਜ਼ ਹਨ। ਪਰ ਉਸਦੇ ਇਸ ਤਰ੍ਹਾਂ ਕਰਨ ਨੂੰ ਚੰਗੇ ਸੁਭਾਅ ਜਾਂ ਦੋਸਤੀ ਲਈ ਦਿੱਤੀ ਰਿਆਇਤ ਵਜੋਂ ਲਿਖਿਆ ਜਾਣਾ ਹੀ ਐਸੀ ਅਮਾਨਵ ਰੀਤ ਦੇ ਆਮ ਪ੍ਰਚਲਣ ਦੀ ਨਿਸ਼ਾਨੀ ਹੈ।
ਇਸ ਨਾਵਲ ਵਿੱਚ ਆਦਮੀ ਜਿੰਨੇ ਠਹਿਰੇ ਸੁਭਾਅ ਦੇ ਵਿਖਾਏ ਗਏ ਹਨ, ਔਰਤ-ਪਾਤਰ ਮੁਕਾਬਲਤਨ ਉਨੀਆਂ ਹੀ ਜ਼ਿੰਦਾਦਿਲ ਵਿਖਾਈਆਂ ਗਈਆਂ ਹਨ। ਉਹਨਾਂ ਦਾ ਇੱਕੋ ਜਿਹੀਆਂ ਲੜਾਈਆਂ ਨਾਲ ਜੂਝਦਿਆਂ ਵੀ ਹਾਲਾਤਾਂ ਵੱਲ ਇੱਕ ਦੂਜੇ ਨਾਲੋਂ ਬਿਲਕੁਲ ਉਲਟਾ ਹੁੰਗਾਰਾ ਹੈ। ਭਾਨੀ ਸਾਰੀ ਉਮਰ ਆਪਣੇ ਮਨਚਾਹੇ ਆਦਮੀ ਨਾਲ ਨਹੀਂ ਰਹਿ ਸਕੀ ਪਰ ਆਪਣੇ ਸੀਮਿਤ ਦਾਇਰੇ ਵਿੱਚੋਂ ਉਹ ਜ਼ਰੂਰ ਕਈ ਥਾਵਾਂ ਤੇ ਆਜ਼ਾਦ ਖਿਆਲੀ ਦੀ ਝਲਕ ਵਿਖਾਉਂਦੀ ਹੈ। ਨੰਦੀ ਆਪਣੇ ਕਬੀਲੇ ਦੇ ਖਿਲਾਫ ਜਾ ਕੇ ਜਗਸੀਰ ਦੇ ਪਿਤਾ ਨਾਲ ਰਹੀ। ਅੰਤ ਤੱਕ ਵੀ ਆਪਣੇ ਪੱਧਰ ਤੋਂ ਉਹ ਪੂਰਾ ਜ਼ੋਰ ਲਾਉਂਦੀ ਹੈ ਕਿ ਉਸਦੇ ਪੁੱਤ ਦਾ ਘਰ ਵੱਸ ਜਾਵੇ। ਜਦ ਉਹਨੂੰ ਟਾਹਲੀ ਦੇ ਪੁੱਟੇ ਜਾਣ ਦਾ ਪਤਾ ਲੱਗਦਾ ਹੈ ਤਾਂ ਉਹ ਧਰਮ ਸਿੰਘ ਨਾਲ ਇਸ ਗੱਲ ਤੇ ਸਾਹਮਣਾ ਕਰਨ ਲਈ ਤੁਰ ਪੈਂਦੀ ਹੈ। ਰੌਣਕੀ ਦੀ ਪਤਨੀ ਉਮਰ ਦੇ ਢਲਦੇ ਹਿੱਸੇ ਵਿੱਚ ਆ ਕੇ ਉਸਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਜਾਂਦੀ ਹੈ। ਆਪਣੀ ਗਰੀਬੀ ਅਤੇ ਸਮਾਜਿਕ ਪ੍ਰਣਾਲੀ ਵਿੱਚ ਨੀਵੀਂ ਥਾਂ ਦੀ ਮਾਰ ਏਹਨਾਂ ਔਰਤਾਂ ਤੇ ੳਨੀ ਹਾਵੀ ਨਹੀਂ ਹੋਈ ਜਿੰਨੀ ਏਨਾਂ ਦੇ ਆਸ-ਪਾਸ ਦੇ ਆਦਮੀਆਂ ਤੇ। ਫੇਰ ਵੀ ਕੋਝੇ ਸਮਾਜ ਦੀ ਕੜਿੱਕੀ ਵਿੱਚ ਫਸੀਆਂ ਇਹ ਔਰਤਾਂ ਦੀ ਝਾਕੀ ਹੀ ਲੈ ਸਕਦੀਆਂ ਹਨ। ਆਪਣੇ ਮੁਤਾਬਿਕ ਇੱਕ ਗੈਰਤ ਭਰੇ ਜੀਵਨ ਦੀ ਘੜ੍ਹਤ ਤੋਂ ਬਹੁਤ ਉਰ੍ਹੇ ਰਹਿ ਜਾਂਦੀਆਂ ਹਨ।
ਨਾਵਲ ਵਿਚਲੀ ਭਾਸ਼ਾ ਦੀ ਗੱਲ ਕਰਦਿਆਂ ਮੈਂਬਰਾਂ ਨੇ ਗੁਰਦਿਆਲ ਸਿੰਘ ਦੀ ਲਿਖਤ ਦਾ ਪਾਠਕਾਂ ਦੇ ਮਨ ਟੁੰਭਣ ਦਾ ਕਾਰਨ ਉਹਨਾਂ ਦੀ ਆਮ ਪ੍ਰਚੱਲਤ ਮੁਹਾਵਰਿਆਂ ਦੀ ਵਰਤੋਂ ਨੂੰ ਦੱਸਿਆ। ਲੇਖਕ ਖੇਤੀ ਬਾਰੇ ਲਿਖਦਿਆਂ ਖੇਤੀ ਵਿੱਚ ਵਰਤੇ ਜਾਣ ਵਾਲੀਆਂ ਚੀਜਾਂ ਦੇ ਉਦਾਹਰਣ ਲੈਂਦੇ ਹਨ। ਲਿਖਾਈ ਨੂੰ ਸੋਹਣਾ ਬਨਾਉਣ ਲਈ ਉਹ ਖਾਲਾਂ, ਬਲਦਾਂ, ਵਰਮਿਆਂ ਦੀ ਗੱਲ ਕਰਦੇ ਹਨ। ਪੇਂਡੂ ਵਰਤੋਂ ਵਾਲੀ ਚੀਜ਼ਾਂ ਨਾਲ ਸੰਬੰਧਤ ਅਖਾਣਾਂ ਅਤੇ ਬੋਲ ਦੀ ਵਰਤੋਂ ਲੇਖਕ ਅਤੇ ਲਿਖਤ ਦੋਹਾਂ ਦੇ ਲੋਕ ਪੱਖੀ ਹੋਣ ਦਾ ਸਬੂਤ ਹੈ।
ਮੀਟਿੰਗ ਦੇ ਅੰਤ ਵਿੱਚ ਪਾਠਕਾਂ ਨੇ ਜਗਸੀਰ ਦੀ ਹਾਲਤ ਤੋਂ ਇਹ ਅੰਦਾਜ਼ਾ ਲਾਇਆ ਕੇ ਸਮਕਾਲੀ ਨਜ਼ਰੀਏ ਤੋਂ ਵੇਖੀਏ ਤਾਂ ਜਗਸੀਰ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਉਹ ਆਪਣੀ ਸਮਾਜਿਕ ਸਥਿਤੀ ਨੂੰ ਲੈ ਕੇ ਗਮਗੀਨ ਰਹਿੰਦਾ ਹੈ। ਨਸ਼ਿਆਂ ਵਾਲੇ ਪਾਸੇ ਹੋ ਕੇ ਉਹ ਜ਼ਿੰਦਗੀ ਦੀ ਵਿਅਰਥਤਾ ਦੀਆਂ ਗੱਲਾਂ ਕਰਦਾ ਹੈ ਅਤੇ ਆਪਣੇ ਸਵਾਸ ਵੀ ਏਸੇ ਮਾਨਸਿਕ ਸਥਿਤੀ ਦੇ ਵਿੱਚ ਗਵਾਉਂਦਾ ਹੈ।
ਨਾਵਲ ਵਿੱਚ ਥਾਂ-ਥਾਂ ਤੇ ਇਹ ਸਵਾਲ ਉਠਾਏ ਜਾਂਦੇ ਹਨ ਕਿ ਸਮਾਂ ਦਿਨੋ ਦਿਨ ਮਾੜਾ ਹੁੰਦਾ ਜਾ ਰਿਹਾ ਹੈ। ਰਿਸ਼ਤਿਆਂ ਦੇ ਬੰਧਨ ਉਹਨੇ ਮਜ਼ਬੂਤ ਨਹੀਂ ਰਹੇ ਜਿੰਨੇ ਪਹਿਲਾਂ ਸਨ। ਜਾਂ ਇਹ ਗੱਲ ਦੁਹਰਾਈ ਜਾਂਦੀ ਹੈ ਕਿ ਨਸ਼ਿਆਂ ਨੇ ਪੰਜਾਬ ਨੂੰ ਲੈ ਬੈਠਣਾ ਹੈ। ਮੈਂਬਰਾਂ ਨੇ ਚਰਚਾ ਵਿੱਚ ਇਹਨਾਂ ਗੱਲਾਂ ਦੇ ਹਾਸੋਹੀਣੇ ਦੁਹਰਾਅ ਉੱਤੇ ਆਪਣੇ- ਆਪਣੇ ਨਜ਼ਰੀਏ ਪੇਸ਼ ਕੀਤੇ। ਇਹਨਾਂ ਗੱਲਾਂ ਨੂੰ ਸੱਚ ਮੰਨੀਏ ਤਾਂ ਲੱਗਦਾ ਹੈ ਕਿ 1960 ਵਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਆਪਣੀ ਬਰਬਾਦੀ ਵੱਲ ਸੰਤੋੜ ਭੱਜ ਰਹੇ ਹਾਂ। ਖੈਰ! ਸ਼ੁਕਰ ਹੈ ਕਿ ਅਗਲੀ ਸਦੀ ਵਿੱਚ ਪਹੁੰਚ ਕੇ ਵੀ ਅਜੇ ਇਹ ਡਿਸਟੋਪੀਅਨ (dystopian) ਮੰਜ਼ਿਲ ਨਹੀਂ ਆਈ।
ਉੱਚ ਸਾਹਿਤ ਉਹ ਹੁੰਦਾ ਹੈ ਜੋ ਰਚਨਾਕਾਰ ਤੋਂ ਵੱਡਾ ਹੋਵੇ। ਲੇਖਕ ਆਪਣੇ ਪਾਰਖੂ ਨਜ਼ਰੀਏ ਨਾਲ ਤਹਿ ਤੋਂ ਅੰਦਰ ਵੇਖ ਸਕਦਾ ਹੈ। ਇਸ ਨਾਵਲ ਦੇ ਆਉਣ ਤੋਂ ਛੇ ਦਹਾਕਿਆਂ ਬਾਅਦ ਵੀ ਅੱਜ ਅਸੀਂ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਵੇਂ ਇਹ ਨਾਵਲ ਸਾਡੇ ਸਮਿਆਂ ਵਿੱਚ ਲਿਖਿਆ ਗਿਆ ਹੋਵੇ। ਜਗਸੀਰ ਦੀ ਪੀੜ ਪਾਠਕ ਨੂੰ ਆਪਣੀ ਪੀੜ ਲੱਗਦੀ ਹੈ। ਉਹ ਧਰਮ ਸਿੰਘ ਦੀ ਬੇਵਸੀ ਨੂੰ ਵੀ ਪਹਿਚਾਣਦਾ ਹੈ ਤੇ ਆਉਣ ਵਾਲੇ ਸਮਿਆਂ ਵਿੱਚ ਰਿਸ਼ਤਿਆਂ ਦੀ ਪਤਲੀ ਹੁੰਦੀ ਜਾਂਦੀ ਹਾਲਤ ਨੂੰ ਲੈ ਕੇ ਵੀ ਫਿਕਰਮੰਦ ਹੈ। ਜਾਤ-ਪਾਤ ਦੇ ਘੇਰੇ ਵਿੱਚੋਂ ਨਿਕਲਣਾ ਅਜੇ ਅਸੀਂ ਸਿੱਖ ਹੀ ਰਹੇ ਹਾਂ। ਸੋ ਇਸ ਨਾਵਲ ਦਾ ਅੱਜ ਵੀ ਉਹਨਾਂ ਸਮਿਆਂ ਜਿੰਨਾ ਹੀ ਪ੍ਰਚਲਿਤ ਹੋਣਾ ਜਿੱਥੇ ਇਸਦੀ ਮਕਬੂਲਤਾ ਦੀ ਨਿਸ਼ਾਨੀ ਹੈ, ਉੱਥੇ ਕਿਤੇ ਨਾ ਕਿਤੇ ਸਾਡੀ ਸਾਂਝੀ ਮਾਨਸਿਕ ਖੜੋਤ ਦਾ ਵੀ ਹਵਾਲਾ ਹੈ।
Writer - Jashanpreet Kaur
She can be reached at Jashanp151@gmail.com
Instagram: Jashn151