Summary of Bookclub meeting on "Nange Pairan Da Safar" by "Dalip Kaur Tiwana"

ਨੰਗੇ ਪੈਰਾਂ ਦਾ ਸਫਰ

 

ਦਲੀਪ ਕੌਰ ਟਿਵਾਣਾ ਦੀ ਸਵੈ-ਜੀਵਨੀ “ਨੰਗੇ ਪੈਰਾਂ ਦਾ ਸਫਰ” ਬਾਰੇ ਹੋਈ ਚਰਚਾ ਵਿੱਚੋਂ ਕੁਝ ਖਿਆਲ ਸਾਂਝੇ ਕਰ ਰਹੇ ਹਾਂ! ਸ਼ੁਰੂਆਤ ਕਰਣ ਤੋਂ ਪਹਿਲਾਂ ਉਹਨਾਂ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

 

🌀ਦਲੀਪ ਕੌਰ ਟਿਵਾਣਾ ਨੇ ਇਸ ਕਿਤਾਬ ਵਿੱਚ ਸੰਪੂਰਨ ਜੀਵਨ-ਵਿਆਖਿਆ ਨਹੀਂ ਦਿੱਤੀ ਜੋ ਪਾਠਕ ਦੇ ਮਨ ਵਿੱਚ ਖਲਾਅ ਦੀ ਸਥਿਤੀ ਉਤਪੰਨ ਕਰਦੀ ਹੈ। ਉਹ ਸਿਰਫ ਗਿਣੀਆਂ-ਚੁਣੀਆਂ ਪਰਤਾਂ ਹੀ ਫੋਲਦੇ ਹਨ ਜੋ ਜ਼ਿਆਦਾਤਰ ਉਹਨਾਂ ਦੇ ਸ਼ੁਰੂਆਤੀ ਦਿਨਾਂ ਨਾਲ ਸੰਬੰਧ ਰੱਖਦੀਆਂ ਹਨ।

 

🌀 ਬੇਸ਼ੱਕ ਲੇਖਿਕਾ ਇੱਕ ਉੱਘੇ ਤੇ ਪੜ੍ਹੇ-ਲਿਖੇ ਘਰਾਣੇ ਦੇ ਜੰਮਪਲ ਸਨ ਪਰ ਫੇਰ ਵੀ ਉਹਨਾਂ ਲਈ “ਰੂੜੀ ਦਾ ਕੂੜਾ ਰੂੜੀ ਤੇ ਹੀ ਸੁੱਟਣੈ” ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਦੇ ਖਿਲਾਫ ਉਹ ਖੁਦ ਵੀ ਕੋਈ ਆਵਾਜ਼ ਨਹੀਂ ਉਠਾਉਂਦੇ। ਇੰਝ ਮਹਿਸੂਸ ਹੁੰਦਾ ਹੈ ਕਿ ਉਹਨਾਂ ਇੱਕ ਸੁਰੱਖਿਅਤ ਤੇ ਸਥਿਰ ਜੀਵਣ ਜੀਊਂਦਿਆਂ ਵੀ ਮਾਨਸਿਕ ਤੌਰ ਤੇ ਕਈ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ।

 

🌀ਦਲੀਪ ਕੌਰ ਟਿਵਾਣਾ ਆਪਣੇ ਪਿਤਾ ਦੇ ਔਗੁਣਾਂ ਤੋਂ ਜਾਣੂ ਤਾਂ ਹਨ ਪਰ ਕਦੇ ਵੀ ਮਾਂ ਦੇ ਹੱਕ ਚ’ ਆਵਾਜ਼ ਨਹੀਂ ਉਠਾਉਂਦੇ। ਉਹ ਇਸ ਨਾਵਲ ਦੇ ਸ਼ੁਰੂਆਤ ਵਿੱਚ ਤਾਂ ਦਰਸਾਉਂਦੇ ਹਨ ਕਿ ਉਹਨਾਂ ਨੂੰ ਆਪਣੀ ਮਾਂ ਦੇ “ਨੰਗੇ ਪੈਰਾਂ ਦੇ ਸਫਰ” ਨਾਲ ਹਮਦਰਦੀ ਹੈ, ਪਰ ਉਹਨਾਂ ਦੇ ਕੰਮ ਤੇ ਇੰਟਰਵਿਊਆਂ ਤੋਂ ਲੱਗਦਾ ਹੈ ਕਿ ਪਿੱਤਰਸੱਤਾ ਦੇ ਬੰਨ੍ਹ ਤੋਂ ਆਪਣੀ ਸੋਚਣੀ ਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਕਰ ਸਕੇ।

 

🌀 ਨਾਵਲ ਵਿੱਚ ਉਸ ਸਮੇਂ ਦੇ ਹਿੰਦੂ-ਸਿੱਖ ਭਾਈਚਾਰੇ ਦੀ ਸਾਂਝੀਵਾਲਤਾ ਵਾਲੇ ਸਮਾਜ ਦੀ ਝਲਕ ਸਾਫ ਦਿਸਦੀ ਹੈ। ਬਹੁਤ ਦੁਖਦ ਗੱਲ ਹੈ ਕਿ ਅੱਜ ਇਸ ਸੁਪਨਮਈ ਸਮਾਜ ਦਾ ਪੁੱਠਾ ਪਾਸਾ ਹੀ ਵੇਖਣ ਨੂੰ ਮਿਲਦਾ ਹੈ।

 

🌀ਲੇਖਣੀ ਵਿੱਚ ਸ਼ੁੱਧ ਮਲਵਈ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।ਇਹ ਅਲੋਪ ਹੁੰਦੀਆਂ ਜਾਂਦੀਆਂ ਉੱਪ-ਭਾਸ਼ਾਵਾਂ ਨੂੰ ਜਿਊਂਦਾ ਰੱਖਣ ਦਾ ਵਧੀਆ ਉਪਰਾਲਾ ਹੈ।

 

🌀ਜੀਵਣੀ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਲੇਖਿਕਾ ਦੇ ਪਰਿਵਾਰ ਨੇ ਹੀ ਉਹਨਾਂ ਲਈ ਬਹੁਤੇ ਰਸਤੇ ਖੋਲੇ, ਪਰ ਮੈਡਮ ਟਿਵਾਣਾ ਨੇ ਲਗਨ ਤੇ ਸਿਰੜ੍ਹ ਆਸਰੇ ਹੀ ਆਪਣੀ ਇੱਕ ਵਿਲੱਖਣ ਪਹਿਚਾਣ ਘੜੀ ਤੇ ਜਿਸ ਮੁਕਾਮ ਤੇ ਪਹੁੰਚੇ, ਉਸਦੇ ਪੂਰਨ ਤੌਰ ਤੇ ਹੱਕਦਾਰ ਹਨ।

 

ਚਰਚਾ ਦੌਰਾਨ ਇਹ ਗੱਲ ਉੁੱਭਰਕੇ ਸਾਹਮਣੇ ਆਈ ਕਿ ਮਨੁੱਖ ਦੀਆਂ ਘੜ੍ਹੀਆਂ ਸਮਾਜਿਕ ਤੇ ਆਰਥਿਕ ਸ਼੍ਰੇਣੀਆਂ ਕਾਰਨ ਬਰਾਬਰੀ ਤੋਂ ਲਾਂਭੇ ਕੀਤੇ ਵਰਗ ਜਿਵੇਂ ਕਿ ਔਰਤਾਂ ਤੇ ਦਲਿਤਾਂ ਦਾ ਨਜ਼ਰੀਆ ਸਮਝਣ ਵਾਸਤੇ ਉਹਨਾਂ ਵੱਲੋਂ ਲਿਖੀਆਂ ਰਚਨਾਵਾਂ ਜ਼ਰੂਰ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ। ਇਸ ਵਾਸਤੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਇਸਨੂੰ ਲਾਗੂ ਕਰਨ ਵਾਸਤੇ ਵਧ-ਚੜ੍ਹਕੇ ਹਿੱਸਾ ਪਾਉਣ।

 

Writer - Jashanpreet Kaur

She can be reached at Jashanp151@gmail.com

Instagram: Jashn151

 


Older Post Newer Post