*ਮੀਟਿੰਗ : 13*
*ਕਿਤਾਬ: ਹੰਨੈ ਹੰਨੈ ਪਾਤਸ਼ਾਹੀ*
*ਲੇਖਕ : ਜਗਦੀਪ ਸਿੰਘ*
ਕਿਤਾਬ "ਹੰਨੈ ਹੰਨੈ ਪਾਤਸ਼ਾਹੀ" ਨਾਲ ਸੰਬੰਧਤ ਮੁਲਾਕਾਤ ਦੀ ਸ਼ੁਰੂਆਤ, ਇਸ ਬਾਰੇ ਸੰਖੇਪ ਮੁੱਢਲੀ ਜਾਣਕਾਰੀ ਸਾਂਝੀ ਕਰਕੇ ਕੀਤੀ ਗਈ। ਇਹ ਦੱਸਿਆ ਗਿਆ ਕਿ ਇਹ ਕਿਤਾਬ ਰਤਨ ਸਿੰਘ ਭੰਗੂ ਦੇ “ਪੰਥ ਪ੍ਰਕਾਸ਼” ਤੇ ਆਧਾਰਿਤ ਹੈ। ਇਸਦੇ ਲਿਖੇ ਜਾਣ ਦਾ ਮੰਤਵ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਹੋਏ ਸਿੰਘਾਂ ਦੇ ਅਧਿਆਤਮਕ ਅਤੇ ਜੰਗੀ ਜੀਵਨ ਉੱਤੇ ਚਾਨਣਾ ਪਾਉਣਾ ਹੈ। ਚਰਚਾ ਦੀ ਸ਼ੁਰੂਆਤ ਇਸ ਵਿਸ਼ੇ ਤੋਂ ਹੋਈ ਕਿ ਇਹ ਕਿਤਾਬ ਗੁਰੂਦੁਆਰਿਆਂ ਦੇ ਇਤਿਹਾਸ ਤੇ ਉਹਨਾਂ ਦੀ ਉਸਾਰੀ ਪਿਛਲੇ ਕਾਰਨਾਂ ਦੀ ਲਿਖਤੀ ਗਵਾਹੀ ਭਰਦੀ ਹੈ।
ਕਿਤਾਬ ਨਵਾਬੀ ਅਤੇ ਪਾਤਸ਼ਾਹੀ ਦੇ ਤਰੀਕੇ ਦੇ ਰਾਜ ਦੀ ਤੁਲਨਾ ਕਰਦਿਆਂ ਇਹ ਸਿੱਟਾ ਕੱਢਦੀ ਹੈ ਕਿ ਸਿੱਖਾਂ ਲਈ ਕਲਗੀਧਰ ਦੁਆਰਾ ਬਖਸ਼ੀ ਪਾਤਸ਼ਾਹੀ ਸਾਹਮਣੇ ਦੁਨਿਆਵੀ ਨਵਾਬੀ ਬਹੁਤ ਤੁੱਛ ਹੈ। ਏਥੇ ਮੈਂਬਰਾਂ ਨੇ ਦੋਹਾਂ ਸ਼ਬਦਾਂ ਦੇ ਹਰਫ਼ੀ ਅਰਥਾਂ ਤੇ ਚਰਚਾ ਕਰਦਿਆਂ ਇਹ ਦਰਸਾਇਆ ਕਿ “ਨਵਾਬੀ” ਤੋਂ ਭਾਵ ਸਿਆਸੀ ਰਾਜ ਹੈ ਜਦ ਕਿ “ਪਾਤਸ਼ਾਹੀ” ਬ੍ਰਹਿਮੰਡੀ ਰਾਜ ਹੈ। ਕਿਤਾਬ ਦਾ ਵਿਸ਼ਾ-ਵਸਤੂ ਵੀ ਕਾਫੀ ਹੱਦ ਤੱਕ ਪਾਤਸ਼ਾਹੀ ਰਾਜ ਦੇ ਵਾਅਦੇ ਤੇ ਹੀ ਆਧਾਰਿਤ ਹੈ। “ਹਮ ਰਾਖਤ ਪਾਤਸ਼ਾਹੀ ਦਾਅਵਾ” ਦਾ ਵਰਨਣ ਕਿਤਾਬ ਵਿੱਚ ਲਗਾਤਾਰ ਹੁੰਦਾ ਰਹਿੰਦਾ ਹੈ।
ਇਹ ਕਿਤਾਬ ਰੂਪਾਂਤਰੀ ਤੌਰ ਉੱਤੇ ਤਾਂ ਇੱਕ ਇਤਿਹਾਸਕ ਨਾਵਲ ਵਜੋਂ ਲਿਖੀ ਗਈ ਹੈ ਪਰ ਪੁਰਾਤਨ ਸਾਖੀ ਇਤਿਹਾਸ ਦੇ ਵਾਰਤਕ ਰੂਪ ਵਿੱਚ ਲਿਖੀ ਹੋਣ ਕਾਰਨ ਇਸ ਵਿੱਚ ਤਰੀਕਾਂ ਦਾ ਜ਼ਿਕਰ ਕਿਤੇ ਨਹੀਂ ਆਉਂਦਾ। ਘਟਨਾਵਾਂ ਦੇ ਸਾਲਾਂ ਜਾਂ ਦਹਾਕਿਆਂ ਬਾਰੇ ਕੁਝ ਨਹੀਂ ਲਿਖਿਆ ਗਿਆ, ਉਂਝ ਇਸ਼ਾਰੇ-ਮਾਤਰ ਸਮਾਂ 18ਵੀਂ ਸਦੀ ਦਾ ਦੱਸਿਆ ਗਿਆ ਹੈ। ਇਸਦੇ ਨਾਲ-ਨਾਲ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਇਹ ਘਟਨਾਵਾਂ ਵਾਪਰ ਰਹੀਆਂ ਹਨ, ਇਸਦਾ ਸੰਕੇਤ ਵੀ ਕਿਤੇ ਨਹੀਂ ਮਿਲਦਾ। ਅਜੋਕੇ ਪੰਜਾਬ ਦਾ ਮੁਹਾਂਦਰਾ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਵੱਖਰਾ ਹੈ ਜਿਸ ਕਾਰਨ ਕਥਿਤ ਘਟਨਾਵਾਂ ਦਾ ਜ਼ਹਿਨੀ ਚਿਤਰਣ ਕਰਨਾ ਔਖਾ ਲੱਗਦਾ ਹੈ।
ਨਾਵਲ ਵਿਚਲੀ ਭੁਗੋਲ ਵਿਆਖਿਆ ਦੀ ਕਮੀ ਤੋਂ ਉੱਠੀ ਇਹ ਚਰਚਾ- ਲੜੀ ਪਾਕਿਸਤਾਨ ਦੇ ਸਿੱਖ ਇਤਿਹਾਸਿਕ ਸਥਾਨਾਂ ਦੀ ਦੇਖ-ਰੇਖ ਵਿੱਚ ਆ ਰਹੀਆਂ ਊਣਤਾਈਆਂ ਉੱਤੇ ਆ ਪਹੁੰਚੀ। ਕੁਝ ਮੈਂਬਰਾਂ ਨੇ ਇਹ ਫਿਕਰ ਪ੍ਰਗਟਾਏ ਕਿ ਪਾਕਿਸਤਾਨੀ ਸਿੱਖ ਇਤਿਹਾਸਕ ਸਥਾਨਾਂ ਦੀ ਲੋੜੀਂਦੀ ਸਾਂਭ ਸੰਭਾਲ ਨਾ ਹੋਣ ਕਾਰਨ ਦੋਹਾਂ ਦੇਸ਼ਾਂ ਦੀ ਸਾਂਝ ਦੇ ਠੋਸ ਇਤਿਹਾਸਕ ਸਬੂਤ ਗਵਾਚ ਰਹੇ ਹਨ। ਇਸ ਵਿਚਾਰ ਦੇ ਨਜ਼ਰੀਏ ਤੋਂ ਤੁਰਦਿਆਂ ਇੱਕ ਹੋਰ ਰੋਸ ਜੋ ਚਰਚਾ ਵਿੱਚ ਆਇਆ ਉਹ ਸੀ ਪੰਜਾਬ ਦੇ ਗੁਰਦੁਆਰਿਆਂ ਦੇ ਇਤਿਹਾਸਕ ਸੁੱਚੇ ਸਰੂਪਾਂ ਉੱਪਰ ਸੰਗਮਰਮਰੀ ਪੋਚਾ ਫੇਰਿਆ ਜਾਣਾ। ਇਸ ਰਵੱਈਏ ਦੇ ਨਤੀਜੇ ਅੱਜ-ਕੱਲ ਪੰਜਾਬ ਦੇ ਬਹੁਤੇ ਗੁਰਦੁਆਰਿਆਂ ਦੀ ਇੱਕੋ ਜਿਹੀ ਹੀ ਦਿੱਖ ਹੈ।
ਚਰਚਾ ਦਾ ਰੁੱਖ ਫੇਰ ਕਿਤਾਬ ਵੱਲ ਮੋੜਦਿਆਂ ਲਿਖਾਰੀ ਵੱਲੋਂ ਬਾਰ-ਬਾਰ ਦੁਹਰਾਏ ਗਏ ਵਰਤਾਰਿਆਂ ਦੀ ਗੱਲ ਕੀਤੀ ਗਈ। ਹਰ ਸਾਖੀ ਵਿੱਚ ਇੱਕ ਹੀ ਘਟਨਾ ਲੈਅ ਪੜ੍ਹਨ ਨੂੰ ਮਿਲਦੀ ਹੈ ਕਿ ਬਹਾਦਰ ਸਿੱਖਾਂ ਨੇ ਕਾਇਰ ਮੁਗਲਾਂ ਨੂੰ ਹਰਾ ਦਿੱਤਾ। ਇਹ ਇੱਕ ਪਾਸੜ ਸੋਚਣੀ ਦਾ ਸਬੂਤ ਹੈ ਤੇ ਲਿਖਤ ਦੀ ਕਲਾਤਮਕ ਪਹੁੰਚ ਨੂੰ ਇੱਕ ਹੀ ਕੌਮ ਜਾਂ ਕਹਿ ਲਵੋ ਇੱਕ ਹੀ ਵਰਗ ਦਿਆਂ ਪੈਰਾਂ ਨਾਲ ਬੰਨ੍ਹ ਦਿੰਦੀ ਹੈ। ਇਹਦੇ ਤੋਂ ਇਲਾਵਾ ਲਿਖਾਰੀ ਅਜੋਕੇ ਪਾਠਕ ਦੀਆਂ ਉਮੀਦਾਂ ਤੋਂ ੳਦੋਂ ਵੀ ਊਣਾ ਰਹਿ ਜਾਂਦਾ ਹੈ ਜਦ ਉਹ ਇੱਕ ਪੂਰੀ ਦੀ ਪੂਰੀ ਕੌਮ ਨੂੰ ਮੱਧਵਰਗੀ “ਦੁਸ਼ਮਣ” ਰੂਪ ਤੋਂ ਅਗਾਂਹ ਵੇਖ ਹੀ ਨਹੀਂ ਸਕਦਾ।ਇਸ ਤਰ੍ਹਾਂ ਦੀ ਮੈਬਰਾਂ ਦੀ ਗੱਲਬਾਤ ਨੇ ਦਰਸਾਇਆ ਕਿ ਕਿਤਾਬ ਵਿਚਲੇ ਨਸਲਵਾਦਦੇ ਸੰਕੇਤਾਂ ਤੇ ਗੌਰ ਕਰਨਾ ਲਾਜ਼ਮੀ ਹੈ।
ਇੱਕ ਹੋਰ ਵਰਗ ਜੋ ਇਸ ਨਾਵਲ ਦੀ ਦੁਨੀਆ ਵਿੱਚੋਂ ਪੂਰੀ ਤਰ੍ਹਾਂ ਮਨਫ਼ੀ ਹੈ ਉਹ ਔਰਤਾਂ ਦਾ ਹੈ। ਇਸ ਨਾਵਲ ਦਾ ਮੰਤਵ 18ਵੀਂ ਸਦੀ ਦੇ ਸਿੱਖਾਂ ਦੇ ਰੋਜ਼-ਮਰ੍ਹਾ ਜੀਵਨ ਦੀ ਝਾਕੀ ਦੇਣਾ ਹੈ। ਪਰ ਕਿਤਾਬ ਸਿਰਫ਼ ਮਰਦ ਯੋਧਿਆਂ ਦੀ ਗੱਲ ਦੁਹਰਾਉਂਦੀ ਹੈ ਅਤੇ ਜਾਂ ਉਹਨਾਂ ਦੇ ਪੁੱਤਰਾਂ ਦੀ। ਪਤਨੀਆਂ ਤੇ ਧੀਆਂ ਦੀ ਗੱਲ ਲੱਭਿਆਂ ਨਹੀਂ ਲੱਭਦੀ। ਜਗਦੀਪ ਸਿੰਘ ਨੇ ਮਾਨੋਂ ਇਸ ਤਰ੍ਹਾਂ ਦਾ ਪ੍ਰਗਟਾਵਾ ਕੀਤਾ ਹੈ ਕਿ ਉਸ ਸਮੇਂ ਹੁੰਦੇ ਹੀ ਮਰਦ ਸਨ।
ਮੀਟਿੰਗ ਦਾ ਅੰਤ ਮੈਂਬਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾ ਕੇ ਕੀਤਾ ਕਿ ਇਸ ਨਾਵਲ ਨੂੰ ਤਰਕ ਦੇ ਆਧਾਰ ਉੱਤੇ ਪੜ੍ਹਨ ਲੱਗਾਂਗੇ ਤਾਂ ਕਿਤਾਬ ਦੀ ਝੋਲੀ ਵਿੱਚ ਕੋਈ ਵੱਡੀ ਬੌਧਿਕ ਦੇਣ ਨਹੀਂ ਹੈ ਪਰ ਧਰਮੀ ਵਿਸ਼ਵਾਸ ਰੱਖਣ ਵਾਲੇ ਪਾਠਕਾਂ ਦੇ ਮਨ ਜ਼ਰੂਰ ਟੁੰਭ ਸਕਦੀ ਹੈ।
Writer - Jashanpreet Kaur
She can be reached at Jashanp151@gmail.com
Instagram: Jashn151